ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਤੁਸ਼ਾਰ ਕਪੂਰ ਨੂੰ ਧਮਕੀ ਦੇਣ ਵਾਲਾ IT ਇੰਜੀਨੀਅਰ ਗ੍ਰਿਫ਼ਤਾਰ
ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਤੁਸ਼ਾਰ ਕਪੂਰ ਨੂੰ ਧਮਕੀ ਭਰੇ ਸੁਨੇਹੇ ਭੇਜਣ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਦੇ ਮੁਲਜ਼ਮ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਵੈਭਵ ਮਿਸ਼ਰਾ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਆਈਟੀ ਇੰਜੀਨੀਅਰ ਦੱਸਿਆ ਜਾ ਰਿਹਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਮੁੰਬਈ ਵਿੱਚ ਰਹਿਣ ਵਾਲੀਆਂ ਫ਼ਿਲਮੀ ਹਸਤੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਧਮਕੀਆਂ ਦੇ ਰਿਹਾ ਸੀ। ਆਯੁਸ਼ਮਾਨ ਖੁਰਾਣਾ ਤੋਂ ਇਲਾਵਾ ਅਦਾਕਾਰ ਤੁਸ਼ਾਰ ਕਪੂਰ ਨੂੰ ਵੀ ਧਮਕੀ ਭਰਿਆ ਆਡੀਓ ਸੁਨੇਹਾ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਹੋਰ ਕਿਹੜੀਆਂ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਦੇ ਪਿੱਛੇ ਉਸ ਦਾ ਮਕਸਦ ਕੀ ਸੀ।
ਆਡੀਓ ਵਿੱਚ ਖ਼ੁਦ ਨੂੰ ਦੱਸਿਆ ਸੀ ਲਾਰੈਂਸ ਗੈਂਗ ਦਾ ਮੈਂਬਰ
ਇਸ ਮਾਮਲੇ ਵਿੱਚ ਜਾਂਚ ਦੌਰਾਨ ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵੈਭਵ ਮਿਸ਼ਰਾ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੋਈ ਸਬੰਧ ਨਹੀਂ ਮਿਲਿਆ। ਦਰਅਸਲ, ਆਯੁਸ਼ਮਾਨ ਖੁਰਾਣਾ ਨੂੰ ਭੇਜੇ ਗਏ ਧਮਕੀ ਭਰੇ ਆਡੀਓ ਕਲਿੱਪ ਵਿੱਚ ਸੁਨੇਹਾ ਭੇਜਣ ਵਾਲੇ ਨੇ ਖ਼ੁਦ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਸੀ ਅਤੇ ਅਦਾਕਾਰ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ।
ਤੁਸ਼ਾਰ ਕਪੂਰ ਨੂੰ ਵੀ ਮਿਲੀ ਸੀ ਧਮਕੀ
ਕੁਝ ਦਿਨ ਪਹਿਲਾਂ ਅਦਾਕਾਰ ਤੁਸ਼ਾਰ ਕਪੂਰ ਨੂੰ ਵੀ ਇਸੇ ਤਰ੍ਹਾਂ ਦਾ ਧਮਕੀ ਭਰਿਆ ਆਡੀਓ ਸੁਨੇਹਾ ਮਿਲਿਆ ਸੀ। ਉਸ ਸੁਨੇਹੇ ਵਿੱਚ ਭੇਜਣ ਵਾਲੇ ਨੇ ਖ਼ੁਦ ਨੂੰ ਹੈਰੀ ਬਾਕਸਰ ਦੱਸਿਆ ਸੀ। ਹਾਲਾਂਕਿ, ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਸ ਆਡੀਓ ਦੇ ਫ਼ਰਜ਼ੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰ ਟਾਈਗਰ ਸ਼ਰਾਫ਼ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਾਰੈਂਸ ਗੈਂਗ ਵੱਲੋਂ ਲਏ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਹੁਣ ਤੱਕ 13 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉੱਧਰ, ਇੱਕ ਈਮੇਲ ਰਾਹੀਂ ਅਦਾਕਾਰ ਅਮਿਤਾਭ ਬੱਚਨ ਅਤੇ ਗਾਇਕ ਦਿਲਜੀਤ ਦੋਸਾਂਝ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅਮਿਤਾਭ ਬੱਚਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਫਿਲਹਾਲ ਮੁੰਬਈ ਪੁਲਿਸ ਇਨ੍ਹਾਂ ਸਾਰੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਘਟਨਾਵਾਂ ਪਿੱਛੇ ਕੋਈ ਸੰਗਠਿਤ ਗਿਰੋਹ ਸਰਗਰਮ ਹੈ ਜਾਂ ਕੋਈ ਵਿਅਕਤੀ ਵੱਖ-ਵੱਖ ਗੈਂਗਾਂ ਦੇ ਨਾਂ ਵਰਤ ਕੇ ਫ਼ਿਲਮੀ ਹਸਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਆਯੁਸ਼ਮਾਨ ਖੁਰਾਣਾ ਨੂੰ ਮਿਲੀ ਧਮਕੀ ਦੇ ਮਾਮਲੇ ਵਿੱਚ ਹਾਲੇ ਤੱਕ ਐੱਫਆਈਆਰ ਦਰਜ ਨਹੀਂ ਹੋਈ ਹੈ ਅਤੇ ਜਾਂਚ ਜਾਰੀ ਹੈ।