ਦੀਵਾਲੀ ਤੇ ਛੱਠ ਮੌਕੇ ਰੇਲਵੇ ਦਾ ਵੱਡਾ ਫ਼ੈਸਲਾ, ਦਿੱਲੀ-NCR ਦੇ 6 ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ
- 14 ਨਵੰਬਰ ਤੱਕ ਲਾਗੂ ਰਹੇਗੀ ਪਾਬੰਦੀ
- ਪਾਰਸਲ ਬੁਕਿੰਗ ਅਤੇ ਲੋਡਿੰਗ-ਅਨਲੋਡਿੰਗ ’ਤੇ ਵੀ ਆਰਜ਼ੀ ਰੋਕ
- ਨਵੀਂ ਦਿੱਲੀ ਸਟੇਸ਼ਨ ’ਤੇ 7 ਹਜ਼ਾਰ ਯਾਤਰੀਆਂ ਦੀ ਸਮਰੱਥਾ ਵਾਲਾ ਹੋਲਡਿੰਗ ਏਰੀਆ ਤਿਆਰ
ਨਵੀਂ ਦਿੱਲੀ: ਦੀਵਾਲੀ, ਭਾਈ ਦੂਜ ਅਤੇ ਛੱਠ ਪੂਜਾ ਦੌਰਾਨ ਰੇਲਵੇ ਸਟੇਸ਼ਨਾਂ ’ਤੇ ਵਧਣ ਵਾਲੀ ਭੀੜ ਨੂੰ ਕਾਬੂ ਕਰਨ ਲਈ ਉੱਤਰੀ ਰੇਲਵੇ ਨੇ ਅਹਿਮ ਕਦਮ ਚੁੱਕਿਆ ਹੈ। ਰੇਲਵੇ ਨੇ ਦਿੱਲੀ-NCR ਦੇ ਛੇ ਪ੍ਰਮੁੱਖ ਸਟੇਸ਼ਨਾਂ ’ਤੇ 14 ਨਵੰਬਰ 2026 ਤੱਕ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਸਟੇਸ਼ਨਾਂ ’ਤੇ ਪਾਰਸਲ ਬੁਕਿੰਗ ਅਤੇ ਪਾਰਸਲ ਦੀ ਲੋਡਿੰਗ-ਅਨਲੋਡਿੰਗ ’ਤੇ ਵੀ ਵੱਖ-ਵੱਖ ਮਿਆਦਾਂ ਲਈ ਪਾਬੰਦੀਆਂ ਲਗਾਈਆਂ ਗਈਆਂ ਹਨ। ਤਿਉਹਾਰਾਂ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਓਡੀਸ਼ਾ ਜਾਣ ਵਾਲੇ ਯਾਤਰੀਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦਾ ਮਕਸਦ ਸਟੇਸ਼ਨਾਂ ਅਤੇ ਪਲੇਟਫਾਰਮਾਂ ’ਤੇ ਬੇਲੋੜੀ ਭੀੜ ਰੋਕਣਾ ਅਤੇ ਰੇਲ ਯਾਤਰੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ।
ਇਨ੍ਹਾਂ 6 ਸਟੇਸ਼ਨਾਂ ’ਤੇ ਨਹੀਂ ਮਿਲਣਗੀਆਂ ਪਲੇਟਫਾਰਮ ਟਿਕਟਾਂ
ਉੱਤਰੀ ਰੇਲਵੇ ਦੇ ਹੁਕਮਾਂ ਅਨੁਸਾਰ ਨਵੀਂ ਦਿੱਲੀ, ਪੁਰਾਣੀ ਦਿੱਲੀ (ਦਿੱਲੀ ਜੰਕਸ਼ਨ), ਹਜ਼ਰਤ ਨਿਜ਼ਾਮੂਦੀਨ, ਗਾਜ਼ੀਆਬਾਦ, ਆਨੰਦ ਵਿਹਾਰ ਟਰਮੀਨਲ ਅਤੇ ਆਨੰਦ ਵਿਹਾਰ ਹਾਲਟ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ ਰਹੇਗੀ। ਇਹ ਪਾਬੰਦੀ ਮੈਨੂਅਲ ਟਿਕਟ ਕਾਊਂਟਰਾਂ, UTS ਮੋਬਾਈਲ ਐਪ ਅਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ (ATVM) ਸਮੇਤ ਸਾਰੇ ਮਾਧਿਅਮਾਂ ’ਤੇ ਲਾਗੂ ਹੋਵੇਗੀ। ਇਸ ਦੌਰਾਨ ਆਮ ਤੌਰ ’ਤੇ ਸਿਰਫ਼ ਵੈਧ ਪੁਸ਼ਟੀਸ਼ੁਦਾ ਰੇਲ ਟਿਕਟ ਵਾਲੇ ਯਾਤਰੀਆਂ ਨੂੰ ਹੀ ਪਲੇਟਫਾਰਮ ’ਤੇ ਜਾਣ ਦੀ ਇਜਾਜ਼ਤ ਹੋਵੇਗੀ।
ਬਜ਼ੁਰਗਾਂ ਅਤੇ ਦਿਵਿਆਂਗ ਯਾਤਰੀਆਂ ਨੂੰ ਛੋਟ
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਅਨੁਸਾਰ, ਮਨੁੱਖੀ ਆਧਾਰ ’ਤੇ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਸਹਾਇਤਾ ਦੇਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਸਹਿਯੋਗੀਆਂ ਨੂੰ ਪਲੇਟਫਾਰਮ ਤੱਕ ਜਾਣ ਦੀ ਛੋਟ ਦਿੱਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਬਜ਼ੁਰਗ, ਸਹਾਇਤਾ ਦੀ ਲੋੜ ਵਾਲੀਆਂ ਮਹਿਲਾਵਾਂ, ਦਿਵਿਆਂਗਜਨ, ਬਿਮਾਰ ਅਤੇ ਅਨਪੜ੍ਹ ਯਾਤਰੀ ਸ਼ਾਮਲ ਹਨ। ਹਾਲਾਂਕਿ, ਉਨ੍ਹਾਂ ਦੇ ਨਾਲ ਜਾਣ ਵਾਲੇ ਵਿਅਕਤੀਆਂ ਨੂੰ ਲੋੜੀਂਦੀ ਜਾਂਚ ਤੋਂ ਬਾਅਦ ਹੀ ਸਟੇਸ਼ਨ ਅਤੇ ਪਲੇਟਫਾਰਮ ’ਤੇ ਦਾਖ਼ਲੇ ਦੀ ਇਜਾਜ਼ਤ ਮਿਲੇਗੀ।
ਪਾਰਸਲ ਸੇਵਾਵਾਂ ’ਤੇ ਵੀ ਪਾਬੰਦੀਆਂ
ਰੇਲਵੇ ਨੇ ਪਾਰਸਲ ਸੇਵਾਵਾਂ ਸਬੰਧੀ ਵੀ ਵੱਖ-ਵੱਖ ਪਾਬੰਦੀਆਂ ਲਗਾਈਆਂ ਹਨ। ਨਵੀਂ ਦਿੱਲੀ, ਪੁਰਾਣੀ ਦਿੱਲੀ ਅਤੇ ਆਨੰਦ ਵਿਹਾਰ ਟਰਮੀਨਲ ’ਤੇ 3 ਤੋਂ 15 ਨਵੰਬਰ ਤੱਕ ਵਿਭਾਗੀ ਪਾਰਸਲ ਬੁਕਿੰਗ ਬੰਦ ਰਹੇਗੀ। ਇਸ ਤੋਂ ਇਲਾਵਾ 5 ਤੋਂ 15 ਨਵੰਬਰ ਤੱਕ ਲੀਜ਼ ’ਤੇ ਦਿੱਤੇ ਯਾਤਰੀ ਡੱਬਿਆਂ (SLR/VP) ਰਾਹੀਂ ਪਾਰਸਲ ਲੱਦਣ ਅਤੇ ਉਤਾਰਨ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ। ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ’ਤੇ 5 ਤੋਂ 8 ਨਵੰਬਰ ਤੱਕ ਪਾਰਸਲ ਦੀ ਲੋਡਿੰਗ ਅਤੇ ਅਨਲੋਡਿੰਗ ਨਹੀਂ ਹੋਵੇਗੀ। ਯਾਤਰੀ ਡੱਬਿਆਂ ਵਿੱਚ ਸਿਰਫ਼ ਨਿੱਜੀ ਹੈਂਡ ਬੈਗ ਅਤੇ ਸਮਾਨ ਲਿਜਾਣ ਦੀ ਇਜਾਜ਼ਤ ਹੋਵੇਗੀ। ਸੁਰੱਖਿਆ ਨਿਯਮਾਂ ਤਹਿਤ ਸਿਰਫ਼ ਰਜਿਸਟਰਡ ਅਖ਼ਬਾਰਾਂ ਅਤੇ ਰਸਾਲਿਆਂ ਦੀ ਬੁਕਿੰਗ ਕੀਤੀ ਜਾ ਸਕੇਗੀ।
ਨਵੀਂ ਦਿੱਲੀ ਸਟੇਸ਼ਨ ’ਤੇ 7 ਹਜ਼ਾਰ ਯਾਤਰੀਆਂ ਲਈ ਹੋਲਡਿੰਗ ਏਰੀਆ
ਤਿਉਹਾਰੀ ਭੀੜ ਦੌਰਾਨ ਭਗਦੜ ਵਰਗੀਆਂ ਸਥਿਤੀਆਂ ਤੋਂ ਬਚਣ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਬੁਨਿਆਦੀ ਸਹੂਲਤਾਂ ਵੀ ਵਧਾਈਆਂ ਗਈਆਂ ਹਨ। ਅਜਮੇਰੀ ਗੇਟ ਵਾਲੇ ਪਾਸੇ ਪਲੇਟਫਾਰਮ ਨੰਬਰ 16 ਨੇੜੇ ਸਥਾਈ ਪੈਸੰਜਰ ਹੋਲਡਿੰਗ ਏਰੀਆ, ਜਿਸ ਨੂੰ ‘ਯਾਤਰੀ ਸੁਵਿਧਾ ਕੇਂਦਰ’ ਦਾ ਨਾਂ ਦਿੱਤਾ ਗਿਆ ਹੈ, ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਇਕ ਸਮੇਂ ਲਗਭਗ 7,000 ਯਾਤਰੀਆਂ ਦੇ ਬੈਠਣ ਜਾਂ ਉਡੀਕ ਕਰਨ ਦੀ ਸਮਰੱਥਾ ਹੈ। ਇਸ ਕੇਂਦਰ ਵਿੱਚ ਸੁਰੱਖਿਆ ਜਾਂਚ ਲਈ ਬੈਗ ਸਕੈਨਰ, ਵਾਧੂ RPF ਜਵਾਨ, 150 ਤੋਂ ਵੱਧ ਮਹਿਲਾ ਅਤੇ ਪੁਰਸ਼ ਪਖਾਨੇ, RO ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਵਾਧੂ ਟਿਕਟ ਕਾਊਂਟਰ ਬਣਾਏ ਗਏ ਹਨ। ਰੇਲਵੇ ਦੀ ਯੋਜਨਾ ਅਨੁਸਾਰ ਯਾਤਰੀਆਂ ਨੂੰ ਉਨ੍ਹਾਂ ਦੀਆਂ ਟ੍ਰੇਨਾਂ ਦੇ ਆਉਣ ਦੇ ਸਮੇਂ ਮੁਤਾਬਕ ਹੀ ਹੋਲਡਿੰਗ ਏਰੀਏ ਤੋਂ ਪਲੇਟਫਾਰਮ ਵੱਲ ਭੇਜਿਆ ਜਾਵੇਗਾ, ਤਾਂ ਜੋ ਚੜ੍ਹਨ ਸਮੇਂ ਅਫ਼ਰਾ-ਤਫ਼ਰੀ ਨਾ ਮਚੇ।