ਉੱਤਰਕਾਸ਼ੀ ’ਚ ਇਨੋਵਾ ਕਾਰ ਨਦੀ ’ਚ ਡਿੱਗੀ, 4 ਲੋਕਾਂ ਦੀ ਮੌਤ
ਉੱਤਰਕਾਸ਼ੀ: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਗੰਗੋਤਰੀ ਨੈਸ਼ਨਲ ਹਾਈਵੇਅ ’ਤੇ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸੱਤ ਯਾਤਰੀਆਂ ਨੂੰ ਲੈ ਕੇ ਗੰਗੋਤਰੀ ਜਾ ਰਹੀ ਇਨੋਵਾ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗਣ ਤੋਂ ਬਾਅਦ ਨਦੀ ਵਿੱਚ ਜਾ ਸਮਾਈ। ਇਸ ਹਾਦਸੇ ਵਿੱਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਹਾਦਸਾ ਗੰਗਨਾਨੀ ਨੇੜੇ ਧਾਰਾ ਕੁੰਡ ਤੋਂ ਕਰੀਬ 20 ਮੀਟਰ ਅੱਗੇ ਡਬਰਾਨੀ ਵੱਲ ਵਾਪਰਿਆ। ਕਾਰ ਦਾ ਰਜਿਸਟ੍ਰੇਸ਼ਨ ਨੰਬਰ UK08 TA6040 ਹੈ ਅਤੇ ਇਹ ਹਰਿਦੁਆਰ ਵਿੱਚ ਰਜਿਸਟਰਡ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਕੁੱਲ ਸੱਤ ਲੋਕ ਸਵਾਰ ਸਨ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਐੱਸਡੀਆਰਐੱਫ ਅਤੇ 108 ਐਮਰਜੈਂਸੀ ਸੇਵਾ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਜਲ ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਨਾਲ ਨਦੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਨਦੀ ਦੇ ਤੇਜ਼ ਵਹਾਅ ਕਾਰਨ ਬਾਕੀ ਸੰਭਾਵਿਤ ਯਾਤਰੀਆਂ ਦੀ ਭਾਲ ਵਿੱਚ ਬਚਾਅ ਟੀਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਆਫ਼ਤ ਪ੍ਰਬੰਧਨ ਕੇਂਦਰ ਅਤੇ ਮੈਡੀਕਲ ਟੀਮਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਅਤੇ ਲੋੜ ਪੈਣ ’ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।