ਦਿੱਲੀ ਦੀ ਹਵਾ ਹੋਈ ਬੇਹੱਦ ਖ਼ਰਾਬ, ਸਵੇਰੇ AQI ਗੰਭੀਰ ਪੱਧਰ ‘ਤੇ ਦਰਜ
- 5 ਇਲਾਕਿਆਂ ’ਚ AQI 400 ਤੋਂ ਪਾਰ
ਨਵੀਂ ਦਿੱਲੀ: ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਵਿਗੜ ਰਹੀ ਹੈ। 5 ਨਵੰਬਰ ਦੀ ਸਵੇਰ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਦਰਜ ਕੀਤਾ ਗਿਆ। ਸਵੇਰੇ 7 ਵਜੇ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 371 ਰਿਹਾ, ਜੋ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਮੁਤਾਬਕ ਜਹਾਂਗੀਰਪੁਰੀ 444 AQI ਨਾਲ ਦਿੱਲੀ ਦਾ ਸਭ ਤੋਂ ਪ੍ਰਦੂਸ਼ਿਤ ਇਲਾਕਾ ਰਿਹਾ। ਇਸ ਤੋਂ ਬਾਅਦ ਪੰਜਾਬੀ ਬਾਗ ਵਿੱਚ 437, IIT ਦਿੱਲੀ ਵਿੱਚ 430, DTU ਵਿੱਚ 428 ਅਤੇ ਨਰੇਲਾ ਵਿੱਚ 426 AQI ਦਰਜ ਕੀਤਾ ਗਿਆ। ਇਨ੍ਹਾਂ ਪੰਜਾਂ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ 400 ਦੇ ਪਾਰ ਪਹੁੰਚ ਗਈ।
ਇੰਡੀਆ ਗੇਟ ਨੇੜੇ AQI 399, ਆਨੰਦ ਵਿਹਾਰ ’ਚ 296
ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਖਰਾ ਰਿਹਾ। ਇੰਡੀਆ ਗੇਟ ਦੇ ਆਸ-ਪਾਸ AQI 399 ਦਰਜ ਕੀਤਾ ਗਿਆ, ਜਦਕਿ ਆਨੰਦ ਵਿਹਾਰ ਵਿੱਚ ਇਹ 296 ਰਿਹਾ, ਜੋ ‘ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।
PM2.5 ਅਤੇ PM10 ਕਣ ਬਣੇ ਪ੍ਰਦੂਸ਼ਣ ਦੀ ਵੱਡੀ ਵਜ੍ਹਾ
ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧੇ ਪਿੱਛੇ PM2.5 ਅਤੇ PM10 ਕਣਾਂ ਦੀ ਮੌਜੂਦਗੀ ਅਹਿਮ ਕਾਰਨ ਰਹੀ। PM2.5 ਦੇ ਬਹੁਤ ਬਰੀਕ ਕਣ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚ ਸਕਦੇ ਹਨ, ਜਦਕਿ PM10 ਕਣਾਂ ਦਾ ਪੱਧਰ ਵਧਣ ਨਾਲ ਵੀ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ। ਮੌਸਮ ਦੇ ਅੰਕੜਿਆਂ ਅਨੁਸਾਰ ਸਵੇਰੇ 6:45 ਵਜੇ ਦਿੱਲੀ ਦਾ ਤਾਪਮਾਨ 23 ਡਿਗਰੀ ਸੈਲਸੀਅਸ ਸੀ ਅਤੇ ਹਵਾ ਦੀ ਰਫ਼ਤਾਰ ਸਿਰਫ਼ 1 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਪ੍ਰਦੂਸ਼ਕ ਕਣਾਂ ਦਾ ਖਿਲਾਰ ਘੱਟ ਹੁੰਦਾ ਹੈ ਅਤੇ ਇਹ ਵਾਤਾਵਰਣ ਵਿੱਚ ਇਕੱਠੇ ਹੋਣ ਲੱਗਦੇ ਹਨ।
ਦਿੱਲੀ ਵਿੱਚ ਵਧਦਾ ਪ੍ਰਦੂਸ਼ਣ ਇੱਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਖ਼ਾਸ ਤੌਰ ’ਤੇ 400 ਤੋਂ ਵੱਧ AQI ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਖ਼ਰਾਬ ਹਵਾ ਕਾਰਨ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।