ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਅਟਕਿਆ, ਤਾਪਮਾਨ ਬਣਿਆ ਅੜਿੱਕਾ, ਭਲਕੇ ਅੰਤਿਮ ਸਸਕਾਰ!
Parvinder Jhota Murder Case; ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦਾ PGI ਚੰਡੀਗੜ੍ਹ ਵਿਖੇ ਪੋਸਟਮਾਰਟਮ ਅਟਕ ਗਿਆ ਹੈ। ਜਾਣਕਾਰੀ ਮੁਤਾਬਕ, 24 ਦਿਨਾਂ ਤੱਕ ਫ੍ਰੀਜ਼ਰ ਵਿੱਚ ਰਹਿਣ ਕਾਰਨ ਮ੍ਰਿਤਕ ਦੇਹ ਦਾ ਤਾਪਮਾਨ ਸਧਾਰਨ ਨਹੀਂ ਹੋ ਰਿਹਾ, ਜਿਸ ਕਾਰਨ ਡਾਕਟਰਾਂ ਦੀ ਟੀਮ ਪੋਸਟਮਾਰਟਮ ਨਹੀਂ ਕਰ ਸਕੀ। ਡਾਕਟਰਾਂ ਵੱਲੋਂ ਦੇਰ ਸ਼ਾਮ ਮੁੜ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਪੋਸਟਮਾਰਟਮ ਸੰਭਵ ਨਾ ਹੋਇਆ ਤਾਂ ਅਗਲੀ ਸਵੇਰ ਇਹ ਪ੍ਰਕਿਰਿਆ ਕੀਤੀ ਜਾਵੇਗੀ।
ਜੇਕਰ ਪੋਸਟਮਾਰਟਮ ਅਗਲੇ ਦਿਨ ਹੁੰਦਾ ਹੈ ਤਾਂ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਵੀ ਉਸੇ ਦਿਨ ਦੁਪਹਿਰ 12 ਵਜੇ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਝੋਟਾ ਦੀ ਮ੍ਰਿਤਕ ਦੇਹ ਵੀਰਵਾਰ ਅੱਧੀ ਰਾਤ ਨੂੰ ਮਾਨਸਾ ਤੋਂ PGI ਚੰਡੀਗੜ੍ਹ ਭੇਜੀ ਗਈ ਸੀ।
ਉੱਧਰ, ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹੋ ਰਹੀ ਟ੍ਰੋਲਿੰਗ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਨ ਵਾਲੇ ਲੋਕ 12 ਬੋਰ ਦੀ ਬੰਦੂਕ ਲੈ ਕੇ ਮਾਨਸਾ ਆਉਣ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦੇਣ।
ਇਸ ਤੋਂ ਪਹਿਲਾਂ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਪਰਵਿੰਦਰ ਝੋਟਾ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਮਾਨਸਾ ਦੇ SSP ਵੈਭਵ ਚੌਧਰੀ ਦਾ ਤਬਾਦਲਾ ਕਰੇ। ਉਨ੍ਹਾਂ ਨੇ ਦੋਸ਼ ਲਾਇਆ ਕਿ SSP ਵੱਲੋਂ ਨਸ਼ਿਆਂ ‘ਤੇ ਰੋਕ ਨਾ ਲਗਾਉਣ ਕਾਰਨ ਹੀ ਝੋਟਾ ਦੀ ਹੱਤਿਆ ਹੋਈ।
ਭੀਮ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ SSP ਦਾ ਤਬਾਦਲਾ ਨਹੀਂ ਹੁੰਦਾ, ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਹੋਈ ਮੀਟਿੰਗ ਵਿੱਚ ਵੀ ਗੱਲਬਾਤ ਹੋ ਚੁੱਕੀ ਹੈ।
ਸ਼ਾਮ 6 ਵਜੇ ਮੁੜ ਕੋਸ਼ਿਸ਼ ਕਰੇਗੀ ਡਾਕਟਰਾਂ ਦੀ ਟੀਮ
ਡਾਕਟਰਾਂ ਦੀ ਟੀਮ ਸ਼ਾਮ 6 ਵਜੇ ਇੱਕ ਵਾਰ ਫਿਰ ਪੋਸਟਮਾਰਟਮ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਉਸ ਸਮੇਂ ਵੀ ਪੋਸਟਮਾਰਟਮ ਦੀ ਪ੍ਰਕਿਰਿਆ ਸੰਭਵ ਨਾ ਹੋਈ ਤਾਂ ਇਸ ਨੂੰ ਕੱਲ੍ਹ ਸਵੇਰ ਤੱਕ ਟਾਲਿਆ ਜਾ ਸਕਦਾ ਹੈ।
ਪੋਸਟਮਾਰਟਮ ਲਈ ਮ੍ਰਿਤਕ ਦੇਹ ਦਾ ਤਾਪਮਾਨ ਸਹੀ ਨਹੀਂ
ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋ ਸਕਿਆ। ਪੋਸਟਮਾਰਟਮ ਵਿੱਚ ਦੇਰੀ ਦਾ ਕਾਰਨ ਮ੍ਰਿਤਕ ਦੇਹ ਦਾ ਲੰਬੇ ਸਮੇਂ ਤੱਕ ਫ੍ਰੀਜ਼ਰ ਵਿੱਚ ਰੱਖਿਆ ਜਾਣਾ ਦੱਸਿਆ ਜਾ ਰਿਹਾ ਹੈ। ਇਸ ਕਾਰਨ ਦੇਹ ਦਾ ਤਾਪਮਾਨ ਪੋਸਟਮਾਰਟਮ ਲਈ ਅਨੁਕੂਲ ਨਹੀਂ ਹੋ ਸਕਿਆ, ਜਿਸ ਦੇ ਚੱਲਦਿਆਂ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ।