ਜਾਪਾਨ ‘ਚ ਅੱਧੀ ਰਾਤ ਨੂੰ ਆਇਆ ਭੂਚਾਲ, ਕਈ ਲੋਕ ਜ਼ਖ਼ਮੀ
ਨਵੀਂ ਦਿੱਲੀ: ਮੱਧ ਜਾਪਾਨ ਵਿੱਚ ਐਤਵਾਰ ਤੜਕੇ ਆਏ 5.7 ਤੀਬਰਤਾ ਦੇ ਭੂਚਾਲ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਭੂਚਾਲ ਦੇ ਝਟਕਿਆਂ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਹਨ। ਜਾਪਾਨੀ ਮੀਡੀਆ ਮੁਤਾਬਕ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਭੂਚਾਲ ਸਥਾਨਕ ਸਮੇਂ ਮੁਤਾਬਕ ਰਾਤ 1:04 ਵਜੇ ਆਇਆ। ਇਸ ਦਾ ਕੇਂਦਰ ਸ਼ਿਜ਼ੂਓਕਾ ਸੂਬੇ ਦੇ ਪੱਛਮੀ ਹਿੱਸੇ ਵਿੱਚ ਜ਼ਮੀਨ ਤੋਂ ਲਗਭਗ 40 ਕਿਲੋਮੀਟਰ ਹੇਠਾਂ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਸ ਦੀ ਤੀਬਰਤਾ 5.5 ਦਰਜ ਕੀਤੀ ਹੈ।
ਭੂਚਾਲ ਦਾ ਸਭ ਤੋਂ ਵੱਧ ਅਸਰ ਆਇਚੀ ਸੂਬੇ ਵਿੱਚ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਨਾਗਾਨੋ, ਗਿਫੂ ਅਤੇ ਯਾਮਾਨਾਸ਼ੀ ਸਮੇਤ ਕਈ ਇਲਾਕਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਮੁੱਖ ਭੂਚਾਲ ਤੋਂ ਬਾਅਦ ਕਈ ਛੋਟੇ ਝਟਕੇ ਵੀ ਆਏ।
ਦੁਕਾਨਾਂ ਦੇ ਸ਼ੀਸ਼ੇ ਟੁੱਟੇ, ਸੜਕਾਂ ‘ਤੇ ਖਿੱਲਰਿਆ ਕੱਚ
ਜਾਪਾਨੀ ਟੀਵੀ ਚੈਨਲਾਂ ‘ਤੇ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਦੁਕਾਨਾਂ ਦੇ ਟੁੱਟੇ ਸ਼ੀਸ਼ੇ ਅਤੇ ਸੜਕਾਂ ‘ਤੇ ਖਿੱਲਰੇ ਕੱਚ ਦੇ ਟੁਕੜੇ ਨਜ਼ਰ ਆਏ। ਇੱਕ ਕਿਤਾਬਾਂ ਦੀ ਦੁਕਾਨ ਵਿੱਚ ਅਲਮਾਰੀਆਂ ਤੋਂ ਕਿਤਾਬਾਂ ਹੇਠਾਂ ਡਿੱਗ ਗਈਆਂ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲਣ ਲੱਗੇ। ਇਸ ਦੌਰਾਨ ਕੁਝ ਲੋਕ ਪੌੜੀਆਂ ਤੋਂ ਡਿੱਗ ਕੇ ਜ਼ਖ਼ਮੀ ਹੋ ਗਏ।
ਬੁਲੇਟ ਟ੍ਰੇਨਾਂ ਦੀ ਰਫ਼ਤਾਰ ਘਟਾਈ
ਭੂਚਾਲ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਿੰਕਾਨਸੇਨ ਬੁਲੇਟ ਟ੍ਰੇਨਾਂ ਦੀ ਰਫ਼ਤਾਰ ਘਟਾ ਦਿੱਤੀ ਗਈ। ਰੇਲਵੇ ਪਟੜੀਆਂ ਨੂੰ ਨੁਕਸਾਨ ਪਹੁੰਚਣ ਦੇ ਖ਼ਦਸ਼ੇ ਕਾਰਨ ਇਹ ਕਦਮ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਜਾਪਾਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਭੂਚਾਲ ਆਉਣ ਦਾ ਖ਼ਤਰਾ ਕਾਫ਼ੀ ਜ਼ਿਆਦਾ ਰਹਿੰਦਾ ਹੈ। ਦੇਸ਼ ਦੀ ਭੂਗੋਲਿਕ ਸਥਿਤੀ ਕਾਰਨ ਇੱਥੇ ਅਕਸਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਜਾਂਦੀਆਂ ਹਨ।