ਇੰਡੀਗੋ ਦੀ ਉਡਾਣ ਨੂੰ ਹਾਈਜੈਕ ਕਰਨ ਦੀ ਧਮਕੀ, ਟਾਇਲਟ ‘ਚੋਂ ਮਿਲਿਆ ਨੋਟ
- ਬੈਂਗਲੁਰੂ ਤੋਂ ਲਖਨਊ ਜਾ ਰਿਹਾ ਜਹਾਜ਼ ਵਾਪਸ ਪਰਤਿਆ
- ਹਵਾਈ ਅੱਡੇ ‘ਤੇ ਫੁੱਲ ਐਮਰਜੈਂਸੀ ਐਲਾਨੀ
ਬੈਂਗਲੁਰੂ: ਬੈਂਗਲੁਰੂ ਤੋਂ ਲਖਨਊ ਜਾ ਰਹੀ ਇੰਡੀਗੋ ਦੀ ਉਡਾਣ 6E-451 ਨੂੰ ਸ਼ਨੀਵਾਰ ਨੂੰ ਹਾਈਜੈਕ ਕਰਨ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ। ਜਹਾਜ਼ ਦੇ ਕਰੂ ਮੈਂਬਰਾਂ ਨੂੰ ਟਾਇਲਟ ਵਿੱਚ ਧਮਕੀ ਭਰਿਆ ਨੋਟ ਮਿਲਿਆ, ਜਿਸ ਤੋਂ ਬਾਅਦ ਪਾਇਲਟਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਨੂੰ ਵਾਪਸ ਬੈਂਗਲੁਰੂ ਲਿਜਾਣ ਦਾ ਫੈਸਲਾ ਕੀਤਾ। ਜਹਾਜ਼ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਟਰਮੀਨਲ-1 ‘ਤੇ ਫੁੱਲ ਐਮਰਜੈਂਸੀ ਐਲਾਨ ਦਿੱਤੀ ਗਈ। ਲੈਂਡਿੰਗ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਨੂੰ ਵੱਖਰੀ ਥਾਂ ‘ਤੇ ਖੜ੍ਹਾ ਕਰਵਾ ਦਿੱਤਾ। ਧਮਕੀ ਭਰਿਆ ਨੋਟ ਕਿਸ ਨੇ ਲਿਖਿਆ ਅਤੇ ਇਹ ਜਹਾਜ਼ ਦੇ ਟਾਇਲਟ ਤੱਕ ਕਿਵੇਂ ਪਹੁੰਚਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲਖਨਊ ਲਈ ਰਵਾਨਾ ਹੋਵੇਗੀ ਉਡਾਣ
ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ 7 ਨਵੰਬਰ 2026 ਨੂੰ ਬੈਂਗਲੁਰੂ ਤੋਂ ਲਖਨਊ ਜਾ ਰਹੀ ਉਡਾਣ 6E-451 ਵਿੱਚ ਸੁਰੱਖਿਆ ਖ਼ਤਰੇ ਦੀ ਸੂਚਨਾ ਮਿਲੀ ਸੀ। ਨਿਰਧਾਰਤ ਪ੍ਰਕਿਰਿਆ ਤਹਿਤ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਜਹਾਜ਼ ਨੂੰ ਮੁੜ ਉਸੇ ਹਵਾਈ ਅੱਡੇ ‘ਤੇ ਲਿਆਉਣ ਦਾ ਫੈਸਲਾ ਕੀਤਾ ਗਿਆ, ਜਿੱਥੋਂ ਇਸ ਨੇ ਉਡਾਣ ਭਰੀ ਸੀ।
ਕੰਪਨੀ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਪ੍ਰਗਟਾਇਆ ਹੈ। ਬੁਲਾਰੇ ਅਨੁਸਾਰ ਜਹਾਜ਼ ਦੀ ਸੁਰੱਖਿਆ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਅਤੇ ਲੋੜੀਂਦੀ ਮਨਜ਼ੂਰੀ ਮਿਲਣ ਤੱਕ ਯਾਤਰੀ ਹਵਾਈ ਅੱਡੇ ‘ਤੇ ਹੀ ਰਹਿਣਗੇ। ਇਸ ਦੌਰਾਨ ਗਰਾਊਂਡ ਸਟਾਫ਼ ਉਨ੍ਹਾਂ ਨੂੰ ਖਾਣ-ਪੀਣ ਦੀਆਂ ਸਹੂਲਤਾਂ ਅਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ।