ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਰੈਗੂਲਰ VC, ਪ੍ਰੋ. ਟੰਕੇਸ਼ਵਰ ਕੁਮਾਰ ਨਿਯੁਕਤ
Panjab University new VC; ਪੰਜਾਬ ਯੂਨੀਵਰਸਿਟੀ (PU), ਚੰਡੀਗੜ੍ਹ ਨੂੰ 103 ਦਿਨਾਂ ਬਾਅਦ ਰੈਗੂਲਰ ਵਾਈਸ ਚਾਂਸਲਰ ਮਿਲ ਗਿਆ ਹੈ। ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਹਰਿਆਣਾ ਦੀ ਕੇਂਦਰੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ।
9 ਨਵੰਬਰ ਨੂੰ ਜਾਰੀ ਹੋਇਆ ਨੋਟੀਫਿਕੇਸ਼ਨ

ਉਪ ਰਾਸ਼ਟਰਪਤੀ ਸਕੱਤਰੇਤ ਵੱਲੋਂ 9 ਨਵੰਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਐਕਟ, 1947 ਦੀ ਧਾਰਾ 10 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਨਿਯੁਕਤੀ ਕੀਤੀ ਗਈ ਹੈ। ਨੋਟੀਫਿਕੇਸ਼ਨ ਮੁਤਾਬਕ ਪ੍ਰੋ. ਟੰਕੇਸ਼ਵਰ ਕੁਮਾਰ ਦਾ ਤਿੰਨ ਸਾਲ ਦਾ ਕਾਰਜਕਾਲ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਣ ਦੀ ਤਰੀਕ ਤੋਂ ਸ਼ੁਰੂ ਹੋਵੇਗਾ। ਇਸ ਨੋਟੀਫਿਕੇਸ਼ਨ ‘ਤੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੇ ਸਕੱਤਰ ਅਮਿਤ ਖਰੇ ਦੇ ਦਸਤਖ਼ਤ ਹਨ।
28 ਜੁਲਾਈ ਨੂੰ ਪੂਰਾ ਹੋਇਆ ਸੀ ਰੇਣੂ ਚੀਮਾ ਵਿਗ ਦਾ ਕਾਰਜਕਾਲ
ਦੱਸ ਦੇਈਏ ਕਿ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਪ੍ਰੋ. ਰੇਣੂ ਚੀਮਾ ਵਿਗ ਦਾ ਕਾਰਜਕਾਲ 28 ਜੁਲਾਈ ਨੂੰ ਪੂਰਾ ਹੋ ਗਿਆ ਸੀ। ਉਨ੍ਹਾਂ ਨੂੰ ਮਾਰਚ ਮਹੀਨੇ ਵਿੱਚ ਚਾਂਸਲਰ ਵੱਲੋਂ ਚਾਰ ਮਹੀਨਿਆਂ ਦਾ ਵਾਧਾ ਦਿੱਤਾ ਗਿਆ ਸੀ। ਇਸ ਤੋਂ ਬਾਅਦ 29 ਜੁਲਾਈ ਤੋਂ ਯੂਨੀਵਰਸਿਟੀ ਦੀ ਡੀਨ ਯੂਨੀਵਰਸਿਟੀ ਇੰਸਟ੍ਰਕਸ਼ਨ ਪ੍ਰੋ. ਮੀਨਾਕਸ਼ੀ ਗੋਇਲ ਨੂੰ ਵਾਈਸ ਚਾਂਸਲਰ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ।
ਚੋਣ ਕਮੇਟੀ ਦੀ ਅਗਵਾਈ ਲੈਫਟੀਨੈਂਟ ਜਨਰਲ ਮਾਧੁਰੀ ਕਾਨਿਤਕਰ ਨੇ ਕੀਤੀ
ਨਵੇਂ ਵਾਈਸ ਚਾਂਸਲਰ ਦੀ ਚੋਣ ਲਈ ਚਾਂਸਲਰ ਵੱਲੋਂ ਮਾਰਚ ਮਹੀਨੇ ਵਿੱਚ ਸਰਚ-ਕਮ-ਸਿਲੈਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੀ ਅਗਵਾਈ ਮਹਾਰਾਸ਼ਟਰ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੀ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਮਾਧੁਰੀ ਕਾਨਿਤਕਰ ਨੇ ਕੀਤੀ ਸੀ। ਸਾਬਕਾ ਵਾਈਸ ਚਾਂਸਲਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਚੋਣ ਪ੍ਰਕਿਰਿਆ ਇੰਟਰਵਿਊ ਪੜਾਅ ਤੱਕ ਪਹੁੰਚ ਗਈ ਸੀ, ਪਰ ਨਿਯੁਕਤੀ ਵਿੱਚ ਦੇਰੀ ਹੋਣ ਕਾਰਨ ਯੂਨੀਵਰਸਿਟੀ ਵਿੱਚ 103 ਦਿਨਾਂ ਤੱਕ ਰੈਗੂਲਰ ਵਾਈਸ ਚਾਂਸਲਰ ਦਾ ਅਹੁਦਾ ਖਾਲੀ ਰਿਹਾ।
ਚੋਣ ਕਮੇਟੀ ਨੇ 28 ਉਮੀਦਵਾਰਾਂ ਨੂੰ ਕੀਤਾ ਸੀ ਸ਼ਾਰਟਲਿਸਟ
ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਬਣਾਈ ਗਈ ਸਰਚ-ਕਮ-ਸਿਲੈਕਸ਼ਨ ਕਮੇਟੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨਲ ਪਲੈਨਿੰਗ ਐਂਡ ਐਡਮਿਨਿਸਟ੍ਰੇਸ਼ਨ ਦੀ ਵਾਈਸ ਚਾਂਸਲਰ ਪ੍ਰੋ. ਸ਼ਸ਼ੀਕਲਾ ਵੰਜਾਰੀ ਅਤੇ CSIR-ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਬਾਇਓਲੋਜੀ ਦੀ ਡਾਇਰੈਕਟਰ ਪ੍ਰੋ. ਵਿਭਾ ਟੰਡਨ ਵੀ ਸ਼ਾਮਲ ਸਨ।
ਕਮੇਟੀ ਵੱਲੋਂ ਕੁੱਲ 28 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 25 ਉਮੀਦਵਾਰ 3 ਅਤੇ 6 ਜੁਲਾਈ ਨੂੰ ਹੋਣ ਵਾਲੇ ਇੰਟਰੈਕਸ਼ਨ ਲਈ ਪਹੁੰਚੇ ਸਨ। ਇਨ੍ਹਾਂ ਉਮੀਦਵਾਰਾਂ ਵਿੱਚ ਸਾਬਕਾ VC ਪ੍ਰੋ. ਰੇਣੂ ਚੀਮਾ ਵਿਗ ਸਮੇਤ ਕਈ ਮੌਜੂਦਾ ਵਾਈਸ ਚਾਂਸਲਰ ਅਤੇ ਸੀਨੀਅਰ ਅਕਾਦਮਿਕ ਸ਼ਖ਼ਸੀਅਤਾਂ ਸ਼ਾਮਲ ਸਨ। ਹਾਲਾਂਕਿ, ਪ੍ਰੋ. ਵਿਗ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਐਲਾਨ ਨਹੀਂ ਹੋ ਸਕਿਆ ਅਤੇ ਇਸ ਤੋਂ ਬਾਅਦ ਡੀਨ ਯੂਨੀਵਰਸਿਟੀ ਇੰਸਟ੍ਰਕਸ਼ਨ ਨੂੰ ਵਾਧੂ ਚਾਰਜ ਸੌਂਪ ਦਿੱਤਾ ਗਿਆ।
ਪੰਜਾਬ ਯੂਨੀਵਰਸਿਟੀ ਨਾਲ ਪਹਿਲਾਂ ਵੀ ਜੁੜੇ ਰਹੇ ਹਨ ਪ੍ਰੋ. ਟੰਕੇਸ਼ਵਰ ਕੁਮਾਰ
ਪ੍ਰੋ. ਟੰਕੇਸ਼ਵਰ ਕੁਮਾਰ ਲਈ ਪੰਜਾਬ ਯੂਨੀਵਰਸਿਟੀ ਨਵੀਂ ਨਹੀਂ ਹੈ। ਉਹ ਪਹਿਲਾਂ ਵੀ ਇੱਥੇ ਫਿਜ਼ਿਕਸ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਹ 2015 ਤੋਂ 2021 ਤੱਕ ਹਿਸਾਰ ਦੀ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਵਾਈਸ ਚਾਂਸਲਰ ਰਹੇ ਹਨ। ਸਾਲ 2021 ਤੋਂ ਉਹ ਹਰਿਆਣਾ ਦੀ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ। ਪੰਜਾਬ ਯੂਨੀਵਰਸਿਟੀ ਵਿੱਚ ਪਹਿਲਾਂ ਕੰਮ ਕਰਨ ਦਾ ਤਜਰਬਾ ਉਨ੍ਹਾਂ ਨੂੰ ਸੰਸਥਾ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਢਾਂਚੇ ਤੋਂ ਜਾਣੂ ਕਰਵਾਉਂਦਾ ਹੈ।
ਨਵੇਂ VC ਸਾਹਮਣੇ ਹੋਣਗੀਆਂ ਕਈ ਚੁਣੌਤੀਆਂ
ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ, ਜਦੋਂ ਪੰਜਾਬ ਯੂਨੀਵਰਸਿਟੀ ਕਈ ਪ੍ਰਸ਼ਾਸਨਿਕ ਅਤੇ ਪ੍ਰਬੰਧਕੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਯੂਨੀਵਰਸਿਟੀ ਦੀ ਨਵੀਂ ਸੈਨੇਟ ਦਾ ਗਠਨ ਅਜੇ ਤੱਕ ਲਟਕਿਆ ਹੋਇਆ ਹੈ, ਜਦਕਿ ਇਸ ਦੀ ਚੋਣ ਪ੍ਰਕਿਰਿਆ 4 ਅਕਤੂਬਰ ਨੂੰ ਪੂਰੀ ਹੋ ਚੁੱਕੀ ਸੀ।
ਪੁਰਾਣੀ ਸੈਨੇਟ ਦਾ ਕਾਰਜਕਾਲ 31 ਅਕਤੂਬਰ 2024 ਨੂੰ ਖ਼ਤਮ ਹੋ ਗਿਆ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਕੋਲ ਕੋਈ ਚੁਣੀ ਹੋਈ ਪ੍ਰਬੰਧਕੀ ਸੰਸਥਾ ਨਹੀਂ ਹੈ। ਅਜਿਹੇ ਵਿੱਚ ਨਵੇਂ ਵਾਈਸ ਚਾਂਸਲਰ ਦੇ ਸਾਹਮਣੇ ਸੈਨੇਟ ਦੇ ਗਠਨ ਸਮੇਤ ਕਈ ਲੰਬੇ ਸਮੇਂ ਤੋਂ ਲਟਕ ਰਹੇ ਪ੍ਰਸ਼ਾਸਨਿਕ ਅਤੇ ਸੰਸਥਾਗਤ ਮਸਲਿਆਂ ਨੂੰ ਹੱਲ ਕਰਨ ਦੀ ਚੁਣੌਤੀ ਹੋਵੇਗੀ।