ਮਦਰ ਡੇਅਰੀ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ, ਕੱਲ੍ਹ 12 ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਕੀਮਤਾਂ 12 ਨਵੰਬਰ, ਵੀਰਵਾਰ ਤੋਂ ਲਾਗੂ ਹੋਣਗੀਆਂ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਕੰਪਨੀ ਨਾਲ ਜੁੜੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦਿੱਲੀ-ਐਨਸੀਆਰ ਵਿੱਚ ਕੰਪਨੀ ਦੇ ਟੋਨਡ, ਫੁੱਲ ਕਰੀਮ, ਡਬਲ ਟੋਨਡ ਅਤੇ ਗਾਂ ਦੇ ਦੁੱਧ ਸਮੇਤ ਮੁੱਖ ਕਿਸਮਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਕੰਪਨੀ ਨੇ ਇਸ ਤੋਂ ਪਹਿਲਾਂ 14 ਮਈ 2026 ਨੂੰ ਦੁੱਧ ਦੇ ਭਾਅ ਵਧਾਏ ਸਨ, ਜਦਕਿ ਇਸ ਤੋਂ ਪਹਿਲਾਂ ਅਪ੍ਰੈਲ 2025 ਵਿੱਚ ਕੀਮਤਾਂ ਵਿੱਚ ਤਬਦੀਲੀ ਕੀਤੀ ਗਈ ਸੀ।
ਕਿਸਾਨਾਂ ਤੋਂ ਦੁੱਧ ਖਰੀਦਣ ਦੀ ਲਾਗਤ ਵਧੀ
ਪੀਟੀਆਈ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਅਨੁਸਾਰ ਕਿਸਾਨਾਂ ਤੋਂ ਦੁੱਧ ਖਰੀਦਣ ਦੀਆਂ ਦਰਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਕੰਪਨੀ ਦੀ ਲਾਗਤ ਵਧ ਗਈ ਹੈ। ਵਧੇ ਹੋਏ ਖਰਚੇ ਦਾ ਕੁਝ ਹਿੱਸਾ ਗਾਹਕਾਂ ਤੱਕ ਪਹੁੰਚਾਉਣ ਲਈ ਕੀਮਤਾਂ ਵਿੱਚ ਸੋਧ ਕਰਨੀ ਪਈ ਹੈ।
1974 ਵਿੱਚ ਹੋਈ ਸੀ ਕੰਪਨੀ ਦੀ ਸ਼ੁਰੂਆਤ
ਮਦਰ ਡੇਅਰੀ ਦੀ ਸਥਾਪਨਾ 1974 ਵਿੱਚ ਹੋਈ ਸੀ। ਇਹ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (NDDB) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਕੰਪਨੀ ਆਪਣੀ ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦਾ 75 ਤੋਂ 80 ਫ਼ੀਸਦੀ ਹਿੱਸਾ ਕਿਸਾਨਾਂ ਨੂੰ ਦਿੰਦੀ ਹੈ। ਦਿੱਲੀ-ਐਨਸੀਆਰ ਵਿੱਚ ਕੰਪਨੀ ਆਪਣੇ ਆਊਟਲੈੱਟਾਂ, ਜਨਰਲ ਟਰੇਡ ਅਤੇ ਆਨਲਾਈਨ ਪਲੇਟਫਾਰਮਾਂ ਰਾਹੀਂ ਰੋਜ਼ਾਨਾ ਲਗਭਗ 35 ਲੱਖ ਲੀਟਰ ਦੁੱਧ ਵੇਚਦੀ ਹੈ। ਦੇਸ਼ ਭਰ ਵਿੱਚ ਇਸ ਦੀ ਰੋਜ਼ਾਨਾ ਦੁੱਧ ਵਿਕਰੀ 50 ਲੱਖ ਲੀਟਰ ਤੋਂ ਵੱਧ ਹੈ।
ਦੁੱਧ ਦੀਆਂ ਵੱਖ-ਵੱਖ ਕਿਸਮਾਂ ਵਿੱਚ ਕੀ ਹੁੰਦਾ ਹੈ ਫ਼ਰਕ ?
ਫੁੱਲ ਕਰੀਮ ਦੁੱਧ: ਇਸ ਵਿੱਚ ਘੱਟੋ-ਘੱਟ 6 ਫ਼ੀਸਦੀ ਫੈਟ ਹੁੰਦੀ ਹੈ। ਇਹ ਵਧੇਰੇ ਗਾੜ੍ਹਾ ਅਤੇ ਚਰਬੀ ਵਾਲਾ ਦੁੱਧ ਹੁੰਦਾ ਹੈ।
ਟੋਨਡ ਦੁੱਧ: ਇਸ ਵਿੱਚ ਫੈਟ ਦੀ ਮਾਤਰਾ ਲਗਭਗ 3 ਫ਼ੀਸਦੀ ਰੱਖੀ ਜਾਂਦੀ ਹੈ।
ਡਬਲ ਟੋਨਡ ਦੁੱਧ: ਇਸ ਵਿੱਚ ਫੈਟ ਲਗਭਗ 1.5 ਫ਼ੀਸਦੀ ਹੁੰਦੀ ਹੈ, ਜਿਸ ਕਾਰਨ ਇਹ ਘੱਟ ਚਰਬੀ ਵਾਲਾ ਵਿਕਲਪ ਹੈ।
ਬਲਕ ਟੋਨਡ ਦੁੱਧ: ਇਹ ਮਦਰ ਡੇਅਰੀ ਦੇ ਵੈਂਡਿੰਗ ਬੂਥਾਂ ’ਤੇ ਪਾਊਚ ਤੋਂ ਬਿਨਾਂ ਸਿੱਧਾ ਗਾਹਕਾਂ ਨੂੰ ਦਿੱਤਾ ਜਾਂਦਾ ਹੈ।