ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਕੀਰਤਨੀ ਜਥਿਆਂ ਖ਼ਿਲਾਫ਼ ਕਾਰਵਾਈ, ਕੀਰਤਨ ਕਰਨ ’ਤੇ ਲਾਈ ਰੋਕ
ਅੰਮ੍ਰਿਤਸਰ: ਕੀਰਤਨ ਦੌਰਾਨ ਮੰਚ ’ਤੇ ਐਂਟਰੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋ ਕੀਰਤਨੀ ਜਥਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਵਾਲਿਆਂ ਦੇ ਕੀਰਤਨੀ ਜਥਿਆਂ ’ਤੇ ਇੱਕ ਮਹੀਨੇ ਤੱਕ ਕੀਰਤਨ ਕਰਨ ਦੀ ਰੋਕ ਲਗਾ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਦੋਵੇਂ ਜਥੇ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਕੀਰਤਨ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਇੱਕ ਮਹੀਨੇ ਤੱਕ ਗੁਰਮਤਿ ਦੀ ਸਿੱਖਿਆ ਅਤੇ ਸਿੱਖ ਮਰਿਆਦਾ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਵੀ ਕਿਹਾ ਗਿਆ ਹੈ। ਅਕਾਲ ਤਖ਼ਤ ਸਕੱਤਰੇਤ ਮੁਤਾਬਕ ਪਿਛਲੇ ਦਿਨਾਂ ਵਿੱਚ ਦੋਵਾਂ ਜਥਿਆਂ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਸੰਗਤ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ।
6 ਨਵੰਬਰ ਨੂੰ ਫਗਵਾੜਾ ਦੇ ਸਮਾਗਮ ’ਚ ਹੋਇਆ ਸੀ ਵਿਵਾਦ
ਇਹ ਮਾਮਲਾ 6 ਨਵੰਬਰ ਨੂੰ ਫਗਵਾੜਾ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਨਾਲ ਸਬੰਧਤ ਹੈ। ਉਸ ਸਮੇਂ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਮੰਚ ’ਤੇ ਕੀਰਤਨ ਕਰ ਰਹੇ ਸਨ। ਇਸੇ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕੀਰਤਨ ਸਮਾਪਤ ਕਰਨ ਲਈ ਕਿਹਾ ਅਤੇ ਦੱਸਿਆ ਕਿ ਦੂਜਾ ਰਾਗੀ ਜਥਾ ਪਹੁੰਚ ਗਿਆ ਹੈ। ਇਸ ’ਤੇ ਭਾਈ ਕੁਲਵਿੰਦਰ ਸਿੰਘ ਨੇ ਮੰਚ ਤੋਂ ਹੀ ਮਾਈਕ ਰਾਹੀਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਹੜੀ ਮਰਿਆਦਾ ਹੈ ਕਿ ਦੂਜੇ ਰਾਗੀ ਦੇ ਆਉਣ ’ਤੇ ਹੀ ਕੀਰਤਨ ਸਮਾਪਤ ਕਰ ਦਿੱਤਾ ਜਾਵੇ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਭਾਈ ਜਗਜੀਤ ਸਿੰਘ ਬਬੀਹਾ ਕੋਈ ਡੀਸੀ ਲੱਗੇ ਹੋਏ ਹਨ, ਜਿਨ੍ਹਾਂ ਦੀ ਐਂਟਰੀ ਕਰਵਾਉਣ ਲਈ ਉਨ੍ਹਾਂ ਨੂੰ ਕੀਰਤਨ ਵਿਚਾਲੇ ਰੋਕਣਾ ਪਵੇ।
ਉਨ੍ਹਾਂ ਕਿਹਾ ਕਿ ਰਾਗੀ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਕਰਨ ਵਾਲੇ ਹਨ, ਨਾ ਕਿ ਗਾਇਕ, ਜਿਨ੍ਹਾਂ ਦੀ ਵਾਰੀ ਬਦਲਣ ਲਈ ਇੱਕ ਜਥਾ ਉੱਠੇ ਅਤੇ ਦੂਜਾ ਬੈਠ ਜਾਵੇ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਅੱਗੇ ਤੋਂ ਫਗਵਾੜਾ ਨਹੀਂ ਆਉਣਗੇ ਅਤੇ ਇਸ ਤੋਂ ਬਾਅਦ ਆਪਣਾ ਕੀਰਤਨ ਸਮਾਪਤ ਕਰ ਦਿੱਤਾ।
ਵੀਡੀਓ ਜਾਰੀ ਕਰ ਭਾਈ ਬਬੀਹਾ ਨੇ ਦਿੱਤਾ ਸੀ ਜਵਾਬ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਭਾਈ ਜਗਜੀਤ ਸਿੰਘ ਬਬੀਹਾ ਦੀ ਆਲੋਚਨਾ ਹੋਣ ਲੱਗੀ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਵੀਡੀਓ ਜਾਰੀ ਕਰਦਿਆਂ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਗੁਰੂ ਸਭ ਦੇ ਨਾਲ ਹਨ ਅਤੇ ਹਰ ਮਨੁੱਖ ਵਿੱਚ ਗੁਰੂ ਦੀ ਜੋਤ ਕੰਮ ਕਰ ਰਹੀ ਹੈ, ਇਸ ਲਈ ਇਨਸਾਨ ਨੂੰ ਹਮੇਸ਼ਾ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਚਿੰਤਾ ਨਹੀਂ, ਕਿਉਂਕਿ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਵੱਡਾ ਆਸਰਾ ਹੈ।
ਭਾਈ ਬਬੀਹਾ ਨੇ ਨਿਮਰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸਭ ਤੋਂ ਮਾੜਾ ਸਮਝਦੇ ਹਨ ਅਤੇ ਸੰਗਤ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਿਸੇ ਦੀ ਜ਼ਿੰਦਗੀ ਵਿੱਚ ਰੁਕਾਵਟ ਪੈਦਾ ਕਰਦਾ ਹੈ ਤਾਂ ਗੁਰੂ ਉਸ ਨੂੰ ਹੋਰ ਉੱਚਾ ਚੁੱਕਦਾ ਹੈ।