ਪੰਜਾਬ ‘ਚ ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸ਼ੁਰੂ, 9 ਡਿਜੀਟਲ LED ਵੈਨਾਂ ਰਵਾਨਾ
Punjab Census 2027; ਪੰਜਾਬ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ ਯਾਨੀ ਜਨਸੰਖਿਆ ਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਬੁੱਧਵਾਰ ਨੂੰ ਚੰਡੀਗੜ੍ਹ ਤੋਂ 9 ਡਿਜੀਟਲ LED ਵੈਨਾਂ ਰਵਾਨਾ ਕੀਤੀਆਂ ਗਈਆਂ। ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਪੰਜਾਬ ਦੀ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਇਨ੍ਹਾਂ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵੈਨਾਂ ਸੂਬੇ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ‘ਤੇ ਪਹੁੰਚ ਕੇ ਲੋਕਾਂ ਨੂੰ ਜਨਗਣਨਾ ਬਾਰੇ ਜਾਗਰੂਕ ਕਰਨਗੀਆਂ।
ਇਨ੍ਹਾਂ ਵੈਨਾਂ ‘ਤੇ ਜਨਗਣਨਾ ਨਾਲ ਸਬੰਧਤ ਸੰਦੇਸ਼ ਦਿਖਾਏ ਜਾਣਗੇ। ਇਸ ਦੇ ਨਾਲ ਹੀ QR ਕੋਡ ਵੀ ਲਗਾਏ ਗਏ ਹਨ, ਜਿਨ੍ਹਾਂ ਨੂੰ ਸਕੈਨ ਕਰਕੇ ਲੋਕ ਸਿੱਧੇ ਰਾਸ਼ਟਰੀ ਜਨਗਣਨਾ ਪੋਰਟਲ ‘ਤੇ ਪਹੁੰਚ ਸਕਣਗੇ ਅਤੇ ਆਪਣੀ ਜਾਣਕਾਰੀ ਖ਼ੁਦ ਆਨਲਾਈਨ ਭਰ ਸਕਣਗੇ। ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਆਡੀਓ-ਵਿਜ਼ੂਅਲ ਮਾਧਿਅਮ ਦੀ ਵੀ ਵਰਤੋਂ ਕੀਤੀ ਜਾਵੇਗੀ।
1 ਦਸੰਬਰ ਤੋਂ 4 ਜਨਵਰੀ ਤੱਕ ਹੋਵੇਗੀ ਜਨਸੰਖਿਆ ਦੀ ਗਣਨਾ
ਪੰਜਾਬ ਵਿੱਚ ਜਨਗਣਨਾ ਦੇ ਦੂਜੇ ਪੜਾਅ ਤਹਿਤ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਨਸੰਖਿਆ ਦੀ ਗਣਨਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 16 ਤੋਂ 30 ਨਵੰਬਰ ਤੱਕ ਲੋਕਾਂ ਨੂੰ ਸਵੈ-ਗਣਨਾ ਯਾਨੀ ਸੈਲਫ ਐਨਿਊਮਰੇਸ਼ਨ ਦੀ ਸਹੂਲਤ ਮਿਲੇਗੀ। ਇਸ ਤਹਿਤ ਨਾਗਰਿਕ https://se.census.gov.in ‘ਤੇ ਜਾ ਕੇ ਜਨਗਣਨਾ ਨਾਲ ਜੁੜੇ 40 ਸਵਾਲਾਂ ਦੇ ਜਵਾਬ ਖ਼ੁਦ ਆਨਲਾਈਨ ਭਰ ਸਕਣਗੇ। ਇਹ ਪੋਰਟਲ 30 ਨਵੰਬਰ ਨੂੰ ਬੰਦ ਹੋ ਜਾਵੇਗਾ।
5 ਜਨਵਰੀ 2027 ਦੀ ਰਾਤ 12 ਵਜੇ ਹੋਵੇਗੀ ਸੰਦਰਭ ਮਿਤੀ
ਜਨਗਣਨਾ ਦੇ ਦੂਜੇ ਪੜਾਅ ਲਈ ਸੰਦਰਭ ਮਿਤੀ 5 ਜਨਵਰੀ 2027 ਦੀ ਰਾਤ 12 ਵਜੇ ਤੈਅ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਸੇ ਸਮੇਂ ਦੀ ਸਥਿਤੀ ਦੇ ਆਧਾਰ ‘ਤੇ ਜਨਸੰਖਿਆ ਦੇ ਅੰਕੜੇ ਤਿਆਰ ਕੀਤੇ ਜਾਣਗੇ। ਜਨਸੰਖਿਆ ਗਣਨਾ ਮੁਕੰਮਲ ਹੋਣ ਤੋਂ 3 ਤੋਂ 5 ਦਿਨ ਬਾਅਦ ਰਹਿ ਗਏ ਲੋਕਾਂ ਨੂੰ ਸ਼ਾਮਲ ਕਰਨ ਲਈ ਮੁੜ ਜਾਂਚ ਦਾ ਦੌਰ ਵੀ ਚਲਾਇਆ ਜਾਵੇਗਾ।
ਜ਼ਿਲ੍ਹਿਆਂ ‘ਚ ਤਿਆਰ ਕੀਤੇ ਗਏ ਵੈਨਾਂ ਦੇ ਰੂਟ ਪਲਾਨ
ਇਹ ਡਿਜੀਟਲ ਵੈਨਾਂ ਹਰ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰਾਂ, ਪੇਂਡੂ ਅਤੇ ਸ਼ਹਿਰੀ ਇਲਾਕਿਆਂ, ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ‘ਤੇ ਜਾਣਗੀਆਂ। ਹਰੇਕ ਜ਼ਿਲ੍ਹੇ ਵੱਲੋਂ ਇੱਕ ਅਧਿਕਾਰੀ ਵੈਨ ਦੇ ਨਾਲ ਤਾਇਨਾਤ ਰਹੇਗਾ, ਜੋ ਇਸ ਦੇ ਸੰਚਾਲਨ ਅਤੇ ਸਥਾਨਕ ਤਾਲਮੇਲ ਦੀ ਜ਼ਿੰਮੇਵਾਰੀ ਸੰਭਾਲੇਗਾ। ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਜਨਗਣਨਾ ਅਧਿਕਾਰੀਆਂ ਵੱਲੋਂ ਵੈਨਾਂ ਦੇ ਰੂਟ ਪਲਾਨ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਜਾਗਰੂਕਤਾ ਲਈ ਹੋਰਡਿੰਗ ਲਗਾਉਣ ਵਾਲੀਆਂ ਥਾਵਾਂ ਵੀ ਤੈਅ ਕੀਤੀਆਂ ਗਈਆਂ ਹਨ।
ਮਦਦ ਲਈ ਟੋਲ ਫ੍ਰੀ ਨੰਬਰ 1855 ਜਾਰੀ
ਜਨਗਣਨਾ ਦਾ ਫਾਰਮ ਭਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਸਵਾਲ ਹੋਣ ‘ਤੇ ਲੋਕ ਟੋਲ ਫ੍ਰੀ ਹੈਲਪਲਾਈਨ ਨੰਬਰ 1855 ‘ਤੇ ਸੰਪਰਕ ਕਰ ਸਕਦੇ ਹਨ। ਜਨਗਣਨਾ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਸਵੈ-ਗਣਨਾ ਦੀ ਸਹੂਲਤ ਦਾ ਲਾਭ ਲੈਣ ਅਤੇ ਜਦੋਂ ਗਣਨਾਕਰਮੀ ਉਨ੍ਹਾਂ ਦੇ ਘਰ ਪਹੁੰਚਣ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ।
ਦੋ ਪੜਾਵਾਂ ਵਿੱਚ ਹੋ ਰਹੀ ਹੈ ਜਨਗਣਨਾ 2027
ਜਨਗਣਨਾ 2027 ਦੋ ਪੜਾਵਾਂ ਵਿੱਚ ਕਰਵਾਈ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਮਕਾਨਾਂ ਦੀ ਸੂਚੀ ਤਿਆਰ ਕਰਨ ਅਤੇ ਰਿਹਾਇਸ਼ੀ ਗਣਨਾ ਦਾ ਕੰਮ ਪੂਰਾ ਹੋ ਚੁੱਕਾ ਹੈ। ਹੁਣ ਦੂਜੇ ਪੜਾਅ ਵਿੱਚ ਜਨਸੰਖਿਆ ਦੀ ਗਣਨਾ ਕੀਤੀ ਜਾਵੇਗੀ, ਜਿਸ ਦਾ ਉਦੇਸ਼ ਦੇਸ਼ ਦੀ ਆਬਾਦੀ ਬਾਰੇ ਸਹੀ ਅਤੇ ਪੂਰੀ ਜਾਣਕਾਰੀ ਇਕੱਠੀ ਕਰਨਾ ਹੈ।