ਸਵੱਛ ਸਰਵੇਖਣ ‘ਚ ਚੰਡੀਗੜ੍ਹ ਨੇ ਮਾਰੀ ਬਾਜ਼ੀ, ਦੇਸ਼ ਭਰ ‘ਚ ਹਾਸਲ ਕੀਤਾ ਦੂਜਾ ਸਥਾਨ
Chandigarh Swachh Survekshan 2026; ਸਵੱਛ ਸਰਵੇਖਣ 2025-26 ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ। ਇਸ ਵਿੱਚ ਚੰਡੀਗੜ੍ਹ ਨੇ 3 ਲੱਖ ਤੋਂ 10 ਲੱਖ ਤੱਕ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਸਫ਼ਾਈ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਸ਼੍ਰੇਣੀ ਵਿੱਚ ਮੱਧ ਪ੍ਰਦੇਸ਼ ਦਾ ਉਜੈਨ ਪਹਿਲੇ ਸਥਾਨ ‘ਤੇ ਰਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੂੰ ਇਹ ਸਨਮਾਨ ਪ੍ਰਦਾਨ ਕੀਤਾ।
ਪਿਛਲੇ ਸਰਵੇਖਣ ਯਾਨੀ 2024-25 ਵਿੱਚ 3 ਤੋਂ 10 ਲੱਖ ਆਬਾਦੀ ਵਾਲੇ ਸ਼ਹਿਰਾਂ ਦੀ ਸੁਪਰ ਸਵੱਛ ਲੀਗ ਸ਼੍ਰੇਣੀ ਵਿੱਚ ਚੰਡੀਗੜ੍ਹ, ਨੋਇਡਾ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ ਸੀ।
ਸਵੱਛ ਸਰਵੇਖਣ ਵਿੱਚ ਸ਼ਹਿਰਾਂ ਦਾ ਮੁਲਾਂਕਣ 43 ਵੱਖ-ਵੱਖ ਮਾਪਦੰਡਾਂ ਦੇ ਆਧਾਰ ‘ਤੇ ਕੀਤਾ ਗਿਆ। ਇਨ੍ਹਾਂ ਵਿੱਚ ਕੂੜਾ ਇਕੱਠਾ ਕਰਨਾ, ਗਿੱਲੇ ਅਤੇ ਸੁੱਕੇ ਕੂੜੇ ਦਾ ਵੱਖ-ਵੱਖ ਪ੍ਰਬੰਧਨ, ਕੂੜੇ ਦਾ ਨਿਪਟਾਰਾ, ਜਨਤਕ ਥਾਵਾਂ ਦੀ ਸਫ਼ਾਈ ਅਤੇ ਸਵੱਛਤਾ ਮੁਹਿੰਮ ਵਿੱਚ ਲੋਕਾਂ ਦੀ ਭਾਗੀਦਾਰੀ ਵਰਗੇ ਪਹਿਲੂ ਸ਼ਾਮਲ ਹਨ।
ਉੱਥੇ ਹੀ, ਸਵੱਛ ਵਾਯੂ ਸਰਵੇਖਣ 2026 ਵਿੱਚ ਵੀ ਚੰਡੀਗੜ੍ਹ ਨੇ ਸੁਧਾਰ ਕਰਦਿਆਂ ਦੇਸ਼ ਭਰ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਦਾ ਪ੍ਰਦਰਸ਼ਨ 93 ਫ਼ੀਸਦੀ ਤੋਂ ਵੱਧ ਦੱਸਿਆ ਗਿਆ ਹੈ।