ਕੁੜੀ ਨੇ ਕਰਵਾਇਆ ਪ੍ਰੇਮ ਵਿਆਹ: ਨਾਰਾਜ਼ ਪੇਕੇ ਪਰਿਵਾਰ ਨੇ ਕੀਤਾ ਅਗਵਾ
- 3 ਘੰਟਿਆਂ ’ਚ ਪੁਲਿਸ ਨੇ ਕਰਵਾਈ ਸੁਰੱਖਿਅਤ ਵਾਪਸੀ
ਪਠਾਨਕੋਟ: ਪਠਾਨਕੋਟ ਦੇ ਧਾਰਕਲਾਂ ਇਲਾਕੇ ਵਿੱਚ ਪ੍ਰੇਮ ਵਿਆਹ ਤੋਂ ਨਾਰਾਜ਼ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਚਾਚੀ ਚਾਰ ਅਣਪਛਾਤੇ ਵਿਅਕਤੀਆਂ ਨਾਲ ਉਸ ਦੇ ਸਹੁਰੇ ਘਰ ਪਹੁੰਚੀ। ਪਹਿਲਾਂ ਉਨ੍ਹਾਂ ਨੇ ਵਿਆਹੁਤਾ ਦੀ ਸੱਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਲੜਕੀ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਲੈ ਗਏ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਘੰਟਿਆਂ ਦੇ ਅੰਦਰ ਵਿਆਹੁਤਾ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਉਸ ਦੀ ਚਾਚੀ ਨੂੰ ਗ੍ਰਿਫ਼ਤਾਰ ਕਰ ਲਿਆ।
ਮਾਮਲਾ ਧਾਰਕਲਾਂ ਦੇ ਪਿੰਡ ਨਿਆੜੀ ਦਾ ਹੈ। ਜਾਣਕਾਰੀ ਮੁਤਾਬਕ ਪਿੰਡ ਦੇ 29 ਸਾਲਾ ਅਮਨੀਸ਼ ਨੇ ਸਤੰਬਰ ਮਹੀਨੇ ਵਿੱਚ ਨੇੜਲੇ ਪਿੰਡ ਦੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਲੜਕੀ ਦੇ ਪੇਕੇ ਪਰਿਵਾਰ ਦੇ ਕੁਝ ਮੈਂਬਰ ਨਾਰਾਜ਼ ਸਨ। ਇਸੇ ਰੰਜਿਸ਼ ਤਹਿਤ ਲੜਕੀ ਦੀ ਚਾਚੀ ਜ਼ੈਤੂਨ ਬੀਬੀ ਚਾਰ ਅਣਪਛਾਤੇ ਵਿਅਕਤੀਆਂ ਨਾਲ ਜੰਮੂ-ਕਸ਼ਮੀਰ ਨੰਬਰ ਵਾਲੀ ਗੱਡੀ ਵਿੱਚ ਸਵਾਰ ਹੋ ਕੇ ਉਸ ਦੇ ਸਹੁਰੇ ਘਰ ਪਹੁੰਚੀ। ਦੋਸ਼ ਹੈ ਕਿ ਮੁਲਜ਼ਮਾਂ ਨੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਵਿਆਹੁਤਾ ਦੀ ਸੱਸ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਵਿਆਹੁਤਾ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਫ਼ਰਾਰ ਹੋ ਗਏ।
ਇਸ ਘਟਨਾ ਨੂੰ ਨਿਆੜੀ ITI ਕਾਲਜ ਦੇ ਇੱਕ ਵਿਦਿਆਰਥੀ ਨੇ ਆਪਣੇ ਮੋਬਾਈਲ ਫੋਨ ਵਿੱਚ ਰਿਕਾਰਡ ਕਰ ਲਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤ ਪਤੀ ਦੀ ਸ਼ਿਕਾਇਤ ’ਤੇ ਗੱਡੀ ਦਾ ਪਿੱਛਾ ਸ਼ੁਰੂ ਕੀਤਾ। ਪੁਲਿਸ ਨੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਚੰਡੋਲਾ ਰਸਤੇ ’ਤੇ ਨਾਕਾਬੰਦੀ ਕੀਤੀ। ਪੁਲਿਸ ਨੂੰ ਦੇਖ ਕੇ ਗੱਡੀ ਵਿੱਚ ਸਵਾਰ ਚਾਰ ਵਿਅਕਤੀ ਚੰਡੋਲਾ ਪੁਲ ਨੇੜੇ ਜੰਗਲ ਵਿੱਚ ਗੱਡੀ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਵਿਆਹੁਤਾ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਜ਼ੈਤੂਨ ਬੀਬੀ ਨੂੰ ਗ੍ਰਿਫ਼ਤਾਰ ਕਰ ਲਿਆ।
ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਵਿਆਹੁਤਾ ਨੂੰ ਸੁਰੱਖਿਅਤ ਉਸ ਦੇ ਪਤੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਚਾਚੀ ਅਤੇ ਉਸ ਦੇ ਚਾਰ ਅਣਪਛਾਤੇ ਸਾਥੀਆਂ ਖ਼ਿਲਾਫ਼ ਅਗਵਾ, ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋਣ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫ਼ਰਾਰ ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।