ਚੱਲਦੀ ਟਰੇਨ ਹੇਠਾਂ ਆਈ ਮਹਿਲਾ, ਉੱਪਰੋਂ ਲੰਘੇ 3 ਡੱਬੇ; RPF ਜਵਾਨਾਂ ਨੇ ਬਚਾਈ ਜਾਨ
ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ’ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਚੱਲਦੀ ਟਰੇਨ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਇੱਕ ਮਹਿਲਾ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲੇਟਫਾਰਮ ਤੇ ਟਰੇਨ ਵਿਚਾਲੇ ਖਾਲੀ ਥਾਂ ਵਿੱਚ ਡਿੱਗ ਪਈ। ਹੈਰਾਨੀ ਦੀ ਗੱਲ ਇਹ ਰਹੀ ਕਿ ਮਹਿਲਾ ਦੇ ਉੱਪਰੋਂ ਟਰੇਨ ਦੇ ਤਿੰਨ ਡੱਬੇ ਲੰਘ ਗਏ, ਪਰ RPF ਦੇ ਜਵਾਨਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਉਸ ਦੀ ਜਾਨ ਬਚਾ ਲਈ। ਪੂਰੀ ਘਟਨਾ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਹ ਘਟਨਾ ਪਲੇਟਫਾਰਮ ਨੰਬਰ-9 ਦੀ ਹੈ, ਜਿੱਥੇ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਸਟੇਸ਼ਨ ਤੋਂ ਰਵਾਨਾ ਹੋ ਰਹੀ ਸੀ। ਇਸ ਦੌਰਾਨ ਕੁਝ ਯਾਤਰੀ ਚੱਲਦੀ ਟਰੇਨ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। RPF ਦੇ ਸਬ-ਇੰਸਪੈਕਟਰ ਹੇਮਰਾਜ ਮੀਣਾ ਅਤੇ ਅਨਿਲ ਕੁਮਾਰ ਗੌਤਮ ਨੇ ਯਾਤਰੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਇੱਕ ਮਹਿਲਾ ਯਾਤਰੀ ਦਾ ਪੈਰ ਤਿਲਕ ਗਿਆ ਅਤੇ ਉਹ ਟਰੇਨ ਤੇ ਪਲੇਟਫਾਰਮ ਵਿਚਾਲੇ ਡਿੱਗ ਗਈ। ਟਰੇਨ ਅੱਗੇ ਵਧਦੀ ਰਹੀ ਅਤੇ ਉਸ ਦੇ ਉੱਪਰੋਂ ਇੱਕ ਤੋਂ ਬਾਅਦ ਇੱਕ ਤਿੰਨ ਡੱਬੇ ਲੰਘ ਗਏ। ਇਹ ਦੇਖ ਕੇ ਪਲੇਟਫਾਰਮ ’ਤੇ ਮੌਜੂਦ ਲੋਕਾਂ ਵਿੱਚ ਘਬਰਾਹਟ ਫੈਲ ਗਈ।
RPF ਜਵਾਨਾਂ ਨੇ ਦਿਖਾਈ ਮੁਸਤੈਦੀ
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਬ-ਇੰਸਪੈਕਟਰ ਹੇਮਰਾਜ ਮੀਣਾ ਨੇ ਯਾਤਰੀਆਂ ਨੂੰ ਚੇਨ ਖਿੱਚ ਕੇ ਟਰੇਨ ਰੋਕਣ ਲਈ ਕਿਹਾ। ਦੂਜੇ ਪਾਸੇ ਸਬ-ਇੰਸਪੈਕਟਰ ਅਨਿਲ ਕੁਮਾਰ ਗੌਤਮ ਨੇ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਰੇਲਵੇ ਟਰੈਕ ਵੱਲ ਜਾਣ ਤੋਂ ਰੋਕਿਆ ਅਤੇ ਖੁਦ ਟਰੇਨ ਹੇਠਾਂ ਜਾ ਕੇ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮਹਿਲਾ ਨੂੰ ਪਲੇਟਫਾਰਮ ’ਤੇ ਲਿਆ ਕੇ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਮੌਕੇ RPF ਦੀ ‘ਮੇਰੀ ਸਹੇਲੀ’ ਟੀਮ ਦੀ ਮਹਿਲਾ ਕਾਂਸਟੇਬਲ ਅਲਕਾ ਵਿਸ਼ਵਕਰਮਾ ਸਮੇਤ ਹੋਰ ਜਵਾਨ ਵੀ ਮੌਜੂਦ ਸਨ। ਘਟਨਾ ਦੀ ਸੂਚਨਾ ਸਟੇਸ਼ਨ ਅਧਿਕਾਰੀਆਂ ਅਤੇ ਕੰਟਰੋਲ ਰੂਮ ਨੂੰ ਵੀ ਦਿੱਤੀ ਗਈ।
ਬਿਹਾਰ ਦੀ ਰਹਿਣ ਵਾਲੀ ਹੈ ਮਹਿਲਾ
ਮਹਿਲਾ ਦੀ ਪਛਾਣ ਬਿਹਾਰ ਦੇ ਸ਼ਿਵਹਰ ਜ਼ਿਲ੍ਹੇ ਦੀ ਰਹਿਣ ਵਾਲੀ ਕਲਾਵਤੀ ਵਜੋਂ ਹੋਈ ਹੈ। ਘਟਨਾ ਸਮੇਂ ਉਸ ਦੇ ਪਰਿਵਾਰਕ ਮੈਂਬਰ ਵੀ ਸਟੇਸ਼ਨ ’ਤੇ ਮੌਜੂਦ ਸਨ। RPF ਜਵਾਨਾਂ ਦੀ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਮਹਿਲਾ ਦੀ ਜਾਨ ਬਚ ਸਕੀ। ਘਟਨਾ ਤੋਂ ਬਾਅਦ ਯਾਤਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਜਵਾਨਾਂ ਦੀ ਸ਼ਲਾਘਾ ਕੀਤੀ।
ਰੇਲਵੇ ਵੱਲੋਂ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ
ਛੱਠ ਤਿਉਹਾਰ ਦੇ ਮੱਦੇਨਜ਼ਰ ਸਟੇਸ਼ਨ ’ਤੇ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਟਰੇਨ ਦੇ ਪੂਰੀ ਤਰ੍ਹਾਂ ਰੁਕਣ ਤੋਂ ਬਾਅਦ ਹੀ ਉਸ ਵਿੱਚ ਚੜ੍ਹਨ ਜਾਂ ਉਤਰਨ। ਟਰੇਨ ਛੁੱਟਣ ਦੇ ਡਰੋਂ ਚੱਲਦੀ ਟਰੇਨ ਵਿੱਚ ਚੜ੍ਹਨ ਦੀ ਕੋਸ਼ਿਸ਼ ਜਾਨਲੇਵਾ ਸਾਬਤ ਹੋ ਸਕਦੀ ਹੈ।