ਭਾਜਪਾ ਨੇਤਾ ਸੁਨੀਲ ਸ਼ਰਮਾ ਵਿਵਾਦਾਂ ਵਿੱਚ ਘਿਰੇ: ਜੰਮੂ-ਕਸ਼ਮੀਰ ਪੁਲਿਸ ‘ਤੇ ਵਰ੍ਹਦਿਆਂ IGP ਨੂੰ ਸੁਣਾਈਆਂ ਖਰੀਆਂ-ਖਰੀਆਂ
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਸ਼ਰਮਾ ਆਪਣੇ ਬਿਆਨ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਨੂੰ ‘ਨਾਲਾਇਕ’ ਅਤੇ ‘ਨਾਕਾਬਿਲ’ ਕਰਾਰ ਦਿੰਦਿਆਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ। ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਇਹ ਟਿੱਪਣੀਆਂ ਜੰਮੂ ਜ਼ੋਨ ਦੇ ਆਈਜੀਪੀ ਤੇਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਕੀਤੀਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਮਾਮਲਾ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕੇ ਡੱਛਨ ਵਿੱਚ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ (SPO) ਦੀ ਅੱਤਵਾਦੀਆਂ ਵੱਲੋਂ ਹੱਤਿਆ ਨਾਲ ਸਬੰਧਤ ਹੈ। ਬੁੱਧਵਾਰ ਨੂੰ ਅੱਤਵਾਦੀਆਂ ਨੇ SPO ਰਸ਼ਪਾਲ ਕੁਮਾਰ ਅਤੇ ਬੋਨੀ ਚੰਦ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਦੋਵਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਵੀਰਵਾਰ ਸਵੇਰੇ ਢੇਰਨਾ ਦੇ ਜੰਗਲਾਂ ਵਿੱਚੋਂ ਬਰਾਮਦ ਹੋਈਆਂ ਸਨ।
ਇਸ ਘਟਨਾ ਤੋਂ ਬਾਅਦ ਆਈਜੀਪੀ ਤੇਜਿੰਦਰ ਸਿੰਘ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕਰਨ ਪਹੁੰਚੇ ਸਨ। ਇਸ ਦੌਰਾਨ ਕਿਸ਼ਤਵਾੜ ਦੀ ਵਿਧਾਇਕ ਸ਼ਗੁਨ ਪਰਿਹਾਰ ਨਾਲ ਮੌਜੂਦ ਸੁਨੀਲ ਸ਼ਰਮਾ ਨੇ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਸੁਰੱਖਿਆ ਚੂਕਾਂ ‘ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਪੁਲਿਸ ਅਧਿਕਾਰੀਆਂ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ।
ਅੱਤਵਾਦੀਆਂ ਦੇ ਮਦਦਗਾਰਾਂ ਨੂੰ SPO ਬਣਾਉਣ ਦਾ ਦੋਸ਼
ਸੁਨੀਲ ਸ਼ਰਮਾ ਨੇ ਦੋਸ਼ ਲਗਾਇਆ ਕਿ ਅੱਤਵਾਦੀਆਂ ਦੇ ਪੁਰਾਣੇ ਓਵਰਗਰਾਊਂਡ ਵਰਕਰਾਂ (OGW) ਨੂੰ ਵਿਸ਼ੇਸ਼ ਪੁਲਿਸ ਅਧਿਕਾਰੀ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇੱਕ ਸਥਾਨਕ ਪੁਲਿਸ ਅਧਿਕਾਰੀ ਦੇ ਕਥਿਤ ਤੌਰ ‘ਤੇ OGW ਨੈੱਟਵਰਕ ਨਾਲ ਸਬੰਧ ਹੋਣ ਬਾਰੇ ਵੀ ਸਵਾਲ ਉਠਾਇਆ। ਉਨ੍ਹਾਂ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸੁਰੱਖਿਆ ਬਲਾਂ ਅਤੇ ਸਥਾਨਕ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਤਾਂ ਇਲਾਕੇ ਵਿੱਚ ਸਰਗਰਮ ਚਾਰ ਅੱਤਵਾਦੀਆਂ ਨੂੰ ਹੁਣ ਤੱਕ ਕਿਉਂ ਨਹੀਂ ਮਾਰਿਆ ਜਾ ਸਕਿਆ।