ਐਲਨ ਮਸਕ ਦੀ SpaceX ਨੇ ਰਚਿਆ ਇਤਿਹਾਸ, ਪੁਲਾੜ ਤੋਂ ਪਰਤੇ Starship ਨੂੰ ਪਹਿਲੀ ਵਾਰ ਹਵਾ ‘ਚ ਹੀ ਫੜਿਆ
ਨਵੀਂ ਦਿੱਲੀ: ਐਲਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੇ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕੰਪਨੀ ਦੇ ਸਟਾਰਸ਼ਿਪ (Starship) ਪੁਲਾੜ ਯਾਨ ਨੂੰ ਪੁਲਾੜ ਤੋਂ ਵਾਪਸੀ ਦੌਰਾਨ ਪਹਿਲੀ ਵਾਰ ਲਾਂਚ ਟਾਵਰ ‘ਤੇ ਲੱਗੀਆਂ ਦੋ ਵਿਸ਼ਾਲ ਮਸ਼ੀਨੀ ਬਾਹਾਂ ਦੀ ਮਦਦ ਨਾਲ ਹਵਾ ਵਿੱਚ ਹੀ ਫੜ ਲਿਆ ਗਿਆ। ਇਹ ਆਪਣੀ ਤਰ੍ਹਾਂ ਦਾ ਪਹਿਲਾ ਸਫਲ ਪ੍ਰਯੋਗ ਹੈ। Ship 42 ਨਾਮਕ ਇਸ ਪੁਲਾੜ ਯਾਨ ਨੇ 14 ਨਵੰਬਰ ਨੂੰ ਅਮਰੀਕਾ ਦੇ ਟੈਕਸਾਸ ਸਥਿਤ ਸਪੇਸਐਕਸ ਲਾਂਚ ਸੈਂਟਰ ਤੋਂ ਉਡਾਣ ਭਰੀ ਸੀ। ਕਰੀਬ 22 ਘੰਟੇ ਪੁਲਾੜ ਵਿੱਚ ਰਹਿਣ ਅਤੇ ਧਰਤੀ ਦੇ ਲਗਭਗ 14 ਚੱਕਰ ਲਗਾਉਣ ਤੋਂ ਬਾਅਦ ਇਹ 15 ਨਵੰਬਰ ਨੂੰ ਵਾਪਸ ਪਰਤਿਆ। ਭਾਰਤੀ ਸਮੇਂ ਅਨੁਸਾਰ ਇਸ ਦੀ ਵਾਪਸੀ ਸਵੇਰੇ ਕਰੀਬ 2:52 ਵਜੇ ਹੋਈ।
‘ਚੌਪਸਟਿਕਸ’ ਤਕਨੀਕ ਨਾਲ ਹਵਾ ਵਿੱਚ ਫੜਿਆ ਯਾਨ
ਸਟਾਰਸ਼ਿਪ ਨੂੰ ਵਾਪਸ ਫੜਨ ਲਈ ਲਾਂਚ ਟਾਵਰ ‘ਤੇ ਦੋ ਵਿਸ਼ਾਲ ਮਸ਼ੀਨੀ ਬਾਹਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨੂੰ ‘ਚੌਪਸਟਿਕਸ’ ਕਿਹਾ ਜਾਂਦਾ ਹੈ। ਯਾਨ ਦੀ ਵਾਪਸੀ ਸਮੇਂ ਇਨ੍ਹਾਂ ਦੋਵਾਂ ਬਾਹਾਂ ਨੇ ਉਸ ਨੂੰ ਹਵਾ ਵਿੱਚ ਹੀ ਫੜ ਕੇ ਸੁਰੱਖਿਅਤ ਰੋਕ ਲਿਆ। ਇਸ ਤੋਂ ਪਹਿਲਾਂ ਸਪੇਸਐਕਸ ਆਪਣੇ ਰਾਕੇਟ ਦੇ ਪਹਿਲੇ ਹਿੱਸੇ ਯਾਨੀ ਬੂਸਟਰ ਨੂੰ ਇਸ ਤਕਨੀਕ ਨਾਲ ਫੜਨ ਵਿੱਚ ਸਫਲ ਰਹੀ ਸੀ। ਪਰ ਪੁਲਾੜ ਵਿੱਚ ਜਾਣ ਤੋਂ ਬਾਅਦ ਵਾਪਸ ਆਉਣ ਵਾਲੇ ਸਟਾਰਸ਼ਿਪ ਨੂੰ ਇਸ ਤਰ੍ਹਾਂ ਫੜਨ ਦੀ ਇਹ ਪਹਿਲੀ ਸਫਲਤਾ ਹੈ।
ਪੁਲਾੜ ਵਿੱਚ ਛੱਡੇ 26 ਸਟਾਰਲਿੰਕ ਸੈਟੇਲਾਈਟ
ਇਸ ਉਡਾਣ ਦੌਰਾਨ ਸਟਾਰਸ਼ਿਪ ਲਗਭਗ 275 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਿਆ। ਉੱਥੇ ਇਸ ਨੇ 26 ਨਵੇਂ ਸਟਾਰਲਿੰਕ ਸੈਟੇਲਾਈਟ ਪੁਲਾੜ ਵਿੱਚ ਛੱਡੇ, ਜੋ ਇੰਟਰਨੈੱਟ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ। ਯਾਨ ਵਿੱਚ ਲੱਗੇ ਕੈਮਰਿਆਂ ਰਾਹੀਂ ਇਸ ਦੀ ਬਾਹਰੀ ਸਤ੍ਹਾ ਅਤੇ ਹੀਟ ਸ਼ੀਲਡ ਦੀਆਂ ਤਸਵੀਰਾਂ ਵੀ ਇਕੱਠੀਆਂ ਕੀਤੀਆਂ ਗਈਆਂ। ਇਨ੍ਹਾਂ ਤਸਵੀਰਾਂ ਨਾਲ ਵਿਗਿਆਨੀਆਂ ਨੂੰ ਪੁਲਾੜ ਤੋਂ ਵਾਪਸੀ ਦੌਰਾਨ ਯਾਨ ‘ਤੇ ਪੈਣ ਵਾਲੇ ਤਾਪਮਾਨ ਅਤੇ ਹੋਰ ਪ੍ਰਭਾਵਾਂ ਨੂੰ ਸਮਝਣ ਵਿੱਚ ਮਦਦ ਮਿਲੇਗੀ।
ਬੂਸਟਰ ਨੂੰ ਫੜਨ ਦੀ ਕੋਸ਼ਿਸ਼ ਰਹੀ ਅਸਫਲ
ਸਪੇਸਐਕਸ ਦਾ ਟੀਚਾ ਇਸ ਵਾਰ ਰਾਕੇਟ ਦੇ ਦੋਵਾਂ ਹਿੱਸਿਆਂ ਨੂੰ ਵਾਪਸ ਫੜਨ ਦਾ ਸੀ। ਹਾਲਾਂਕਿ, ਪਹਿਲਾ ਹਿੱਸਾ ਯਾਨੀ ਬੂਸਟਰ ਵਾਪਸੀ ਦੌਰਾਨ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੰਮ ਨਹੀਂ ਕਰ ਸਕਿਆ। ਇਸ ਦਾ ਇੰਜਣ ਸਮੇਂ ਤੋਂ ਪਹਿਲਾਂ ਬੰਦ ਹੋ ਗਿਆ, ਜਿਸ ਕਾਰਨ ਇਸ ਦਾ ਰਸਤਾ ਬਦਲ ਗਿਆ ਅਤੇ ਇਹ ਮੈਕਸੀਕੋ ਦੀ ਖਾੜੀ ਵਿੱਚ ਜਾ ਡਿੱਗਿਆ। ਕੰਪਨੀ ਦੇ ਇੰਜੀਨੀਅਰ ਇਸ ਨਾਕਾਮੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਸ ਦੇ ਬਾਵਜੂਦ Ship 42 ਦੀ ਸੁਰੱਖਿਅਤ ਵਾਪਸੀ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸ ਤਕਨੀਕ ਦੀ ਮਦਦ ਨਾਲ ਰਾਕੇਟ ਨੂੰ ਵਾਰ-ਵਾਰ ਵਰਤਣਾ ਸੰਭਵ ਹੋ ਸਕੇਗਾ, ਜਿਸ ਨਾਲ ਭਵਿੱਖ ਵਿੱਚ ਪੁਲਾੜ ਯਾਤਰਾਵਾਂ ਦਾ ਖਰਚ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।