21 ਸਾਲ ਪੁਰਾਣੇ ਚੌਲ ਖਰੀਦ ਘੁਟਾਲੇ ‘ਚ ਅਦਾਲਤ ਦਾ ਵੱਡਾ ਫੈਸਲਾ, FCI ਦੇ 14 ਅਧਿਕਾਰੀਆਂ ਸਮੇਤ 30 ਦੋਸ਼ੀ ਕਰਾਰ
ਮੋਹਾਲੀ : ਪੰਜਾਬ ਵਿੱਚ ਕਰੀਬ 21 ਸਾਲ ਪੁਰਾਣੇ ਚੌਲ ਖਰੀਦ ਘੁਟਾਲੇ ਦੇ ਮਾਮਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਲ 2004-05 ਦੇ ਸਾਉਣੀ ਸੀਜ਼ਨ ਦੌਰਾਨ ਹੋਏ ਇਸ ਘੁਟਾਲੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੇ 14 ਅਧਿਕਾਰੀਆਂ ਅਤੇ 16 ਨਿੱਜੀ ਰਾਈਸ ਮਿੱਲ ਮਾਲਕਾਂ ਸਮੇਤ ਕੁੱਲ 30 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਦੋਸ਼ੀਆਂ ਨੂੰ ਇੱਕ ਤੋਂ ਤਿੰਨ ਸਾਲ ਤੱਕ ਦੀ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਦੋਸ਼ ਸੀ ਕਿ ਐੱਫਸੀਆਈ ਦੇ ਅਧਿਕਾਰੀਆਂ ਨੇ ਨਿੱਜੀ ਰਾਈਸ ਮਿੱਲ ਮਾਲਕਾਂ ਨਾਲ ਮਿਲੀਭੁਗਤ ਕਰਕੇ ਘਟੀਆ ਗੁਣਵੱਤਾ ਵਾਲਾ ਚੌਲ ਖਰੀਦਿਆ ਅਤੇ ਸਰਕਾਰੀ ਰਿਕਾਰਡ ਵਿੱਚ ਉਸ ਨੂੰ ਗ੍ਰੇਡ-ਏ ਦਰਸਾ ਦਿੱਤਾ।
ਸਰਕਾਰੀ ਖਰੀਦ ਨਿਯਮਾਂ ਦੀ ਕੀਤੀ ਗਈ ਸੀ ਉਲੰਘਣਾ
ਜਾਂਚ ਦੌਰਾਨ ਸਾਹਮਣੇ ਆਏ ਦੋਸ਼ਾਂ ਅਨੁਸਾਰ, ਇਸ ਕਥਿਤ ਮਿਲੀਭੁਗਤ ਰਾਹੀਂ ਸਰਕਾਰੀ ਖਰੀਦ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਨਿੱਜੀ ਮਿੱਲ ਮਾਲਕਾਂ ਨੂੰ ਗਲਤ ਤਰੀਕੇ ਨਾਲ ਭੁਗਤਾਨ ਕੀਤਾ ਗਿਆ। ਇਹ ਬੇਨਿਯਮੀਆਂ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ, ਸੁਨਾਮ ਅਤੇ ਤਪਾ ਸਥਿਤ ਐੱਫਸੀਆਈ ਦੇ ਖਰੀਦ ਕੇਂਦਰਾਂ ‘ਤੇ ਸਾਹਮਣੇ ਆਈਆਂ ਸਨ। ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਮਾਮਲੇ ਵਿੱਚ ਹੁਣ ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਸਾਰੇ 30 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ।