ਪਟਨਾ ‘ਚ ਛੱਠ ਪੂਜਾ ਦੌਰਾਨ ਵੱਡਾ ਹਾਦਸਾ, 3 ਨਾਬਾਲਗ ਨਦੀ ‘ਚ ਡੁੱਬੇ
ਛੱਠ ਘਾਟ ਦੀ ਸਫ਼ਾਈ ਤੇ ਸਜਾਵਟ ਕਰਦੇ ਸਮੇਂ ਵਾਪਰਿਆ ਹਾਦਸਾ, NDRF-SDRF ਦੀ ਟੀਮ ਦੇ ਦੇਰੀ ਨਾਲ ਪਹੁੰਚਣ ‘ਤੇ ਪਿੰਡ ਵਾਸੀਆਂ ਨੇ ਜਤਾਇਆ ਗੁੱਸਾ
Patna Chhath drowning; ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਛੱਠ ਪੂਜਾ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਛੱਠ ਘਾਟ ਦੀ ਸਫ਼ਾਈ ਅਤੇ ਸਜਾਵਟ ਕਰ ਰਹੇ ਤਿੰਨ ਨਾਬਾਲਗ ਨਦੀ ਵਿੱਚ ਲਾਪਤਾ ਹੋ ਗਏ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉੱਥੇ ਹੀ ਰਾਹਤ ਅਤੇ ਬਚਾਅ ਟੀਮਾਂ ਦੇ ਦੇਰੀ ਨਾਲ ਪਹੁੰਚਣ ਦੇ ਦੋਸ਼ ਲਗਾਉਂਦਿਆਂ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਪਟਨਾ ਜ਼ਿਲ੍ਹੇ ਦੇ ਮਿਰਜ਼ਾਪੁਰ ਪਿੰਡ ਵਿੱਚ ਛੱਠ ਮਹਾਪਰਵ ਦੌਰਾਨ ਇਹ ਹਾਦਸਾ ਵਾਪਰਿਆ। ਪਿੰਡ ਵਾਸੀਆਂ ਅਨੁਸਾਰ ਆਸੂ, ਸੂਰਜ ਅਤੇ ਆਦਿੱਤਿਆ ਨਾਮ ਦੇ ਤਿੰਨ ਨਾਬਾਲਗ ਪੁਨਪੁਨ ਨਦੀ ਦੇ ਕੰਢੇ ਛੱਠ ਘਾਟ ਦੀ ਸਫ਼ਾਈ ਅਤੇ ਸਜਾਵਟ ਕਰ ਰਹੇ ਸਨ। ਇਸੇ ਦੌਰਾਨ ਉਹ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਲਾਪਤਾ ਹੋ ਗਏ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਤਿੰਨੇ ਨਦੀ ਵਿੱਚ ਡੁੱਬ ਗਏ ਹਨ।
NDRF-SDRF ਦੀ ਟੀਮ ਨਾ ਪਹੁੰਚਣ ‘ਤੇ ਭੜਕੇ ਪਿੰਡ ਵਾਸੀ
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ NDRF ਅਤੇ SDRF ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੰਟਰਨੈੱਟ ‘ਤੇ ਦਿੱਤੇ ਗਏ ਹੈਲਪਲਾਈਨ ਨੰਬਰ ਸਹੀ ਨਹੀਂ ਸਨ। ਲੋਕਾਂ ਮੁਤਾਬਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਨੁਮਾਇੰਦਿਆਂ ਨੂੰ ਵੀ ਕਈ ਵਾਰ ਫ਼ੋਨ ਕੀਤਾ ਗਿਆ, ਪਰ ਕਈ ਘੰਟਿਆਂ ਤੱਕ ਕੋਈ ਠੋਸ ਮਦਦ ਨਹੀਂ ਮਿਲੀ।
ਇੱਕ ਨਾਰਾਜ਼ ਪਿੰਡ ਵਾਸੀ ਨੇ ਕਿਹਾ ਕਿ ਪਿਛਲੇ ਪੰਜ ਘੰਟਿਆਂ ਤੋਂ ਫ਼ੋਨ ਕੀਤੇ ਜਾ ਰਹੇ ਹਨ ਅਤੇ ਪੁਲਿਸ ਵੀ ਇੱਕ ਘੰਟੇ ਤੋਂ ਮੌਕੇ ‘ਤੇ ਮੌਜੂਦ ਹੈ। ਇਸ ਦੇ ਬਾਵਜੂਦ NDRF ਦੀ ਟੀਮ ਨਹੀਂ ਪਹੁੰਚੀ। ਉਸ ਨੇ ਸਵਾਲ ਕੀਤਾ, “ਪੰਜ ਘੰਟੇ ਬਾਅਦ ਕੀ ਬੱਚਾ ਜ਼ਿੰਦਾ ਮਿਲੇਗਾ?”
ਪਿੰਡ ਵਾਸੀਆਂ ਨੇ ਖ਼ੁਦ ਕੀਤੇ ਸਨ ਸੁਰੱਖਿਆ ਪ੍ਰਬੰਧ
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਮਿਰਜ਼ਾਪੁਰ ਛੱਠ ਘਾਟ ‘ਤੇ ਪਹਿਲਾਂ ਤੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਸਨ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਕੋਈ ਖ਼ਾਸ ਤਿਆਰੀ ਨਹੀਂ ਕੀਤੀ ਗਈ ਸੀ। ਪਿੰਡ ਵਾਸੀਆਂ ਨੇ ਖ਼ੁਦ ਘਾਟ ਦੀ ਸਫ਼ਾਈ ਕੀਤੀ, ਰਸਤਾ ਬਣਾਇਆ ਅਤੇ ਬਾਂਸ ਲਗਾ ਕੇ ਬੈਰੀਕੇਡਿੰਗ ਕੀਤੀ ਸੀ।
ਦੂਜੇ ਪਾਸੇ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਲਗਾਤਾਰ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਪੁਲਿਸ ਮੁਤਾਬਕ NDRF ਅਤੇ SDRF ਦੇ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ ਅਤੇ ਬਚਾਅ ਟੀਮ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ ਹੈ।