ਦਿੱਲੀ ‘ਚ ਵੱਡਾ ਹਾਦਸਾ! ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਡਿੱਗਿਆ, 8 ਮਜ਼ਦੂਰ ਜ਼ਖ਼ਮੀ
ਹੋਟਲ ਦੀ ਦੂਜੀ ਮੰਜ਼ਿਲ ‘ਤੇ ਲੈਂਟਰ ਪਾਉਣ ਦੌਰਾਨ ਵਾਪਰਿਆ ਹਾਦਸਾ, ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ‘ਤੇ ਪਹੁੰਚੀਆਂ
Delhi Paharganj Building Collapse; ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਐਤਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਅਚਾਨਕ ਢਹਿ ਗਿਆ। ਹਾਦਸੇ ਦੌਰਾਨ ਮਲਬੇ ਦੀ ਲਪੇਟ ਵਿੱਚ ਆਉਣ ਕਾਰਨ 8 ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਫਾਇਰ ਬ੍ਰਿਗੇਡ ਵਿਭਾਗ ਮੁਤਾਬਕ, ਇਮਾਰਤ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਤਿੰਨ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਪੁਲਿਸ ਅਤੇ ਹੋਰ ਏਜੰਸੀਆਂ ਨੇ ਵੀ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਿਸ ਨੇ ਸਾਵਧਾਨੀ ਵਜੋਂ ਆਲੇ-ਦੁਆਲੇ ਦੇ ਹਿੱਸੇ ਨੂੰ ਘੇਰ ਲਿਆ ਅਤੇ ਸਥਿਤੀ ਨੂੰ ਕਾਬੂ ਵਿੱਚ ਰੱਖਿਆ।
ਦੂਜੀ ਮੰਜ਼ਿਲ ‘ਤੇ ਪਾਇਆ ਜਾ ਰਿਹਾ ਸੀ ਲੈਂਟਰ
ਪੁਲਿਸ ਅਨੁਸਾਰ ਐਤਵਾਰ, 15 ਨਵੰਬਰ ਨੂੰ ਪਹਾੜਗੰਜ ਥਾਣੇ ਵਿੱਚ PCR ਕਾਲ ਰਾਹੀਂ ਕਾਸ਼ੇਰੂਵਾਲਾਨ ਸਥਿਤ ਜਾਇਦਾਦ ਨੰਬਰ 3992-3993 ਵਿੱਚ ਇਮਾਰਤ ਦਾ ਹਿੱਸਾ ਡਿੱਗਣ ਦੀ ਸੂਚਨਾ ਮਿਲੀ ਸੀ। ਇਹ ਇਮਾਰਤ ਸੰਗਤਰਾਸ਼ਨ ਇਲਾਕੇ ਵਿੱਚ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਸਥਿਤ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਮਾਰਤ ਵਿੱਚ ਹੋਟਲ ਬਣਾਉਣ ਦਾ ਕੰਮ ਚੱਲ ਰਿਹਾ ਸੀ। ਹਾਦਸੇ ਸਮੇਂ ਦੂਜੀ ਮੰਜ਼ਿਲ ‘ਤੇ ਲੈਂਟਰ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ।
ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਜਾਂਚ ਦੌਰਾਨ ਦੇਖਿਆ ਕਿ ਇਮਾਰਤ ਦੇ ਸਹਾਇਕ ਪਿੱਲਰ ਗਿੱਲੇ ਸਨ ਅਤੇ ਪੂਰੀ ਬਣਤਰ ਇੱਕ ਪਾਸੇ ਝੁਕੀ ਹੋਈ ਸੀ। ਅਧਿਕਾਰੀ ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਜ਼ਖ਼ਮੀਆਂ ਨੂੰ ਲੇਡੀ ਹਾਰਡਿੰਗ ਹਸਪਤਾਲ ‘ਚ ਕਰਵਾਇਆ ਦਾਖ਼ਲ
ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ 8 ਮਜ਼ਦੂਰਾਂ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਸ਼ੇਖ ਸੱਦਾਮ (37), ਸ਼ੇਖ ਰਾਜਾ (20), ਮੁਹੰਮਦ ਸੁਹੇਲ (50), ਸੰਜੂਦ ਖ਼ਾਨ (40), ਗੌਤਮ ਯਾਦਵ (28), ਵਰੁਣ ਯਾਦਵ (36), ਰਾਜਾ (36) ਅਤੇ ਮਾਂਤਸੂ (40) ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮੁੱਢਲੀ ਜਾਣਕਾਰੀ ਅਨੁਸਾਰ ਕੁਝ ਮਜ਼ਦੂਰਾਂ ਨੂੰ ਫ੍ਰੈਕਚਰ ਹੋਏ ਹਨ, ਜਦਕਿ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖ਼ਮੀਆਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।