ਜੈ ਸ਼ਾਹ ਦੂਜੀ ਵਾਰ ਬਣੇ ICC ਦੇ ਚੇਅਰਮੈਨ
ਨਵੀਂ ਦਿੱਲੀ: ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਜੈ ਸ਼ਾਹ ਨੂੰ ਲਗਾਤਾਰ ਦੂਜੀ ਵਾਰ ਆਪਣਾ ਚੇਅਰਮੈਨ ਨਿਯੁਕਤ ਕੀਤਾ ਹੈ। ICC ਦੇ ਡਾਇਰੈਕਟਰਾਂ ਵੱਲੋਂ ਪ੍ਰਸਤਾਵ ਰੱਖੇ ਜਾਣ ਤੋਂ ਬਾਅਦ ਬਾਲੀ ਵਿੱਚ ਹੋਈ ਬੋਰਡ ਅਤੇ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਇਸ ਫੈਸਲੇ ਦਾ ਅਧਿਕਾਰਤ ਐਲਾਨ ਕੀਤਾ ਗਿਆ। ICC ਮੁਤਾਬਕ, ਜੈ ਸ਼ਾਹ ਦੀ ਅਗਵਾਈ ’ਤੇ ਬੋਰਡ ਦਾ ਲਗਾਤਾਰ ਭਰੋਸਾ ਕ੍ਰਿਕਟ ਦੇ ਵਿਸ਼ਵ ਪੱਧਰੀ ਵਿਸਥਾਰ ਲਈ ਅਹਿਮ ਹੈ। ਕੌਂਸਲ ਇਸ ਸਮੇਂ ਖੇਡ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣ, ਨਵੇਂ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਅਤੇ ਵਪਾਰਕ ਪੱਧਰ ’ਤੇ ਕ੍ਰਿਕਟ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਦੇ ਰਹੀ ਹੈ।
ਦੂਜੀ ਵਾਰ ਜ਼ਿੰਮੇਵਾਰੀ ਮਿਲਣ ’ਤੇ ਜੈ ਸ਼ਾਹ ਨੇ ICC ਬੋਰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਕ੍ਰਿਕਟ ਦੀ ਅਗਵਾਈ ਕਰਨਾ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਇਸ ਸਮੇਂ ਇੱਕ ਨਵੇਂ ਅਤੇ ਰੋਮਾਂਚਕ ਦੌਰ ਵਿੱਚ ਦਾਖਲ ਹੋ ਰਿਹਾ ਹੈ, ਜਿਸ ਦਾ ਵੱਡਾ ਕਾਰਨ ਲਾਸ ਏਂਜਲਸ 2028 ਓਲੰਪਿਕ ਖੇਡਾਂ ਵਿੱਚ ਕ੍ਰਿਕਟ ਦੀ ਵਾਪਸੀ ਹੈ। ਸ਼ਾਹ ਨੇ ਕਿਹਾ ਕਿ ਓਲੰਪਿਕ ਵਿੱਚ ਕ੍ਰਿਕਟ ਦੀ ਸ਼ਮੂਲੀਅਤ ਨਾਲ ਇਸ ਖੇਡ ਨੂੰ ਨਵੇਂ ਦਰਸ਼ਕ ਮਿਲਣਗੇ ਅਤੇ ਨੌਜਵਾਨ ਖਿਡਾਰੀਆਂ ਤੇ ਪ੍ਰਸ਼ੰਸਕਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ।
ਉਨ੍ਹਾਂ ਅਨੁਸਾਰ ICC ਦੀ ਜ਼ਿੰਮੇਵਾਰੀ ਸਿਰਫ਼ ਸਫਲ ਟੂਰਨਾਮੈਂਟ ਕਰਵਾਉਣ ਤੱਕ ਸੀਮਤ ਨਹੀਂ ਹੈ, ਸਗੋਂ ਖਿਡਾਰੀਆਂ, ਪ੍ਰਸ਼ੰਸਕਾਂ, ਵਪਾਰਕ ਭਾਈਵਾਲਾਂ ਅਤੇ ਹੋਰ ਸਬੰਧਤ ਧਿਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕ੍ਰਿਕਟ ਦਾ ਮਜ਼ਬੂਤ ਅਤੇ ਟਿਕਾਊ ਭਵਿੱਖ ਤਿਆਰ ਕਰਨਾ ਵੀ ਹੈ। ਜ਼ਿਕਰਯੋਗ ਹੈ ਕਿ ICC ਦੀ ਚੇਅਰਮੈਨਸ਼ਿਪ ਸੰਭਾਲਣ ਤੋਂ ਪਹਿਲਾਂ ਜੈ ਸ਼ਾਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਕਿਹਾ ਕਿ ਬੋਰਡ ਅਤੇ ਮੈਂਬਰ ਦੇਸ਼ਾਂ ਦੇ ਸਹਿਯੋਗ ਨਾਲ ਕ੍ਰਿਕਟ ਦੇ ਵਿਕਾਸ ਲਈ ਬਣਾਈਆਂ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ, ਤਾਂ ਜੋ ਇਸ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲ ਸਕੇ।