ਬਦਰੀਨਾਥ ਧਾਮ ਦੇ ਕਪਾਟ ਅੱਜ ਰਾਤ ਸਰਦੀਆਂ ਲਈ ਹੋ ਜਾਣਗੇ ਬੰਦ
ਉੱਤਰਾਖੰਡ: ਉੱਤਰਾਖੰਡ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਦਰੀਨਾਥ ਧਾਮ ਦੇ ਕਪਾਟ ਅੱਜ 16 ਨਵੰਬਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਜਾਣਗੇ। ਰਾਤ 9 ਵੱਜ ਕੇ 37 ਮਿੰਟ ’ਤੇ ਮੰਦਰ ਦੇ ਕਪਾਟ ਬੰਦ ਹੋਣਗੇ। ਇਸ ਦੇ ਨਾਲ ਹੀ ਇਸ ਸਾਲ ਦੀ ਚਾਰਧਾਮ ਯਾਤਰਾ ਦਾ ਵੀ ਸਮਾਪਨ ਹੋ ਜਾਵੇਗਾ। ਕਪਾਟ ਬੰਦ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਭਗਵਾਨ ਬਦਰੀ ਵਿਸ਼ਾਲ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਜਾਵੇਗਾ ਅਤੇ ਧਾਰਮਿਕ ਰਸਮਾਂ ਅਨੁਸਾਰ ਪੂਜਾ-ਅਰਚਨਾ ਹੋਵੇਗੀ। ਇਸ ਮੌਕੇ ਮੰਦਰ ਕੰਪਲੈਕਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਆਖਰੀ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਮੰਦਰ ਦੇ ਕਪਾਟ ਬੰਦ ਹੋਣ ਤੋਂ ਬਾਅਦ ਭਗਵਾਨ ਬਦਰੀ ਵਿਸ਼ਾਲ ਦੀ ਉਤਸਵ ਡੋਲੀ ਸਰਦੀਆਂ ਦੇ ਪ੍ਰਵਾਸ ਲਈ ਰਵਾਨਾ ਹੋਵੇਗੀ। ਸਰਦੀਆਂ ਦੌਰਾਨ ਬਦਰੀਨਾਥ ਧਾਮ ਵਿੱਚ ਨਿਯਮਤ ਦਰਸ਼ਨ ਨਹੀਂ ਹੋਣਗੇ ਅਤੇ ਧਾਰਮਿਕ ਪਰੰਪਰਾ ਅਨੁਸਾਰ ਸਰਦ ਰੁੱਤ ਦੇ ਗੱਦੀ ਸਥਾਨ ’ਤੇ ਪੂਜਾ ਕੀਤੀ ਜਾਵੇਗੀ।
ਕਈ ਦਿਨਾਂ ਤੋਂ ਚੱਲ ਰਹੀਆਂ ਸਨ ਵਿਸ਼ੇਸ਼ ਧਾਰਮਿਕ ਰਸਮਾਂ
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (BKTC) ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਅਨੁਸਾਰ, 12 ਨਵੰਬਰ ਨੂੰ ਗਣੇਸ਼ ਜੀ ਦੇ ਕਪਾਟ ਬੰਦ ਕੀਤੇ ਗਏ ਸਨ। 13 ਨਵੰਬਰ ਨੂੰ ਆਦਿ ਕੇਦਾਰੇਸ਼ਵਰ ਅਤੇ ਆਦਿ ਗੁਰੂ ਸ਼ੰਕਰਾਚਾਰੀਆ ਮੰਦਰ ਦੇ ਕਪਾਟ ਬੰਦ ਹੋਏ। ਇਸੇ ਤਰ੍ਹਾਂ 14 ਨਵੰਬਰ ਨੂੰ ਖੜਗ ਪੁਸਤਕ ਪੂਜਾ ਅਤੇ ਵੇਦ ਰਿਚਾਵਾਂ ਦਾ ਪਾਠ ਬੰਦ ਕੀਤਾ ਗਿਆ, ਜਦਕਿ 15 ਨਵੰਬਰ ਨੂੰ ਮਾਤਾ ਲਕਸ਼ਮੀ ਜੀ ਨੂੰ ਬਦਰੀਨਾਥ ਧਾਮ ਆਉਣ ਦਾ ਸੱਦਾ ਦਿੱਤਾ ਗਿਆ। 16 ਨਵੰਬਰ ਨੂੰ ਰਾਤ 9:37 ਵਜੇ ਮੁੱਖ ਮੰਦਰ ਦੇ ਕਪਾਟ ਬੰਦ ਕਰਨ ਦੀ ਰਸਮ ਪੂਰੀ ਕੀਤੀ ਜਾਵੇਗੀ। ਇਸ ਮੌਕੇ ਮੰਦਰ ਦੇ ਰਾਵਲ ਅਮਰਨਾਥ ਨੰਬੂਦਰੀ ਸਮੇਤ ਹੋਰ ਪੁਜਾਰੀ ਅਤੇ ਧਾਰਮਿਕ ਅਧਿਕਾਰੀ ਪੰਜ ਪੂਜਾਵਾਂ ਸੰਪੰਨ ਕਰਵਾਉਣਗੇ।
ਆਖਰੀ ਦਿਨਾਂ ਵਿੱਚ ਵੀ ਸ਼ਰਧਾਲੂਆਂ ਦੀ ਭਾਰੀ ਭੀੜ
ਇਸ ਵਾਰ ਯਾਤਰਾ ਦੇ ਆਖਰੀ ਦਿਨਾਂ ਵਿੱਚ ਵੀ ਬਦਰੀਨਾਥ ਧਾਮ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ ਸ਼ਨੀਵਾਰ ਨੂੰ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕੀਤੇ। ਦੂਜੇ ਪਾਸੇ, ਬਦਰੀਨਾਥ ਨੈਸ਼ਨਲ ਹਾਈਵੇਅ ’ਤੇ ਜੋਸ਼ੀਮਠ ਤੋਂ ਅੱਗੇ ਮਰਵਾਡੀ ਅਤੇ ਵਿਸ਼ਨੂੰਪ੍ਰਯਾਗ ਵਿਚਕਾਰ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਸੜਕ ਦੇ ਇੱਕ ਹਿੱਸੇ ਦੇ ਨੁਕਸਾਨੇ ਜਾਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਧਾਮ ਵਿੱਚ ਕੜਾਕੇ ਦੀ ਠੰਢ
ਬਦਰੀਨਾਥ ਧਾਮ ਵਿੱਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਪੈ ਰਹੀ ਹੈ। ਪਿਛਲੇ ਦਿਨਾਂ ਦੌਰਾਨ ਪਹਾੜੀ ਚੋਟੀਆਂ ’ਤੇ ਹੋਈ ਬਰਫ਼ਬਾਰੀ ਤੋਂ ਬਾਅਦ ਸਵੇਰੇ ਅਤੇ ਸ਼ਾਮ ਨੂੰ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਬਾਵਜੂਦ ਸ਼ਰਧਾਲੂਆਂ ਦੀ ਆਸਥਾ ਵਿੱਚ ਕੋਈ ਕਮੀ ਨਹੀਂ ਆਈ ਅਤੇ ਵੱਡੀ ਗਿਣਤੀ ਵਿੱਚ ਸੰਗਤ ਦਰਸ਼ਨਾਂ ਲਈ ਪਹੁੰਚ ਰਹੀ ਹੈ।