ਪੰਜਾਬ ਨਾਲ ਲੱਗਦੇ ਤਿੰਨ ਸਰਹੱਦੀ ਪੁਆਇੰਟਾਂ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਚੰਡੀਗੜ੍ਹ: ਮੌਸਮ ਵਿੱਚ ਤਬਦੀਲੀ ਦੇ ਮੱਦੇਨਜ਼ਰ ਪੰਜਾਬ ਨਾਲ ਲੱਗਦੀਆਂ ਭਾਰਤ-ਪਾਕਿਸਤਾਨ ਦੀਆਂ ਤਿੰਨ ਸਰਹੱਦਾਂ ’ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। 16 ਨਵੰਬਰ ਤੋਂ ਤਿੰਨਾਂ ਥਾਵਾਂ ’ਤੇ ਇਹ ਸਮਾਰੋਹ ਸ਼ਾਮ 4:30 ਵਜੇ ਸ਼ੁਰੂ ਹੋਇਆ ਕਰੇਗਾ।
ਨਵੇਂ ਸਮੇਂ ਅਨੁਸਾਰ ਫਾਜ਼ਿਲਕਾ ਦੇ ਸਾਦਕੀ ਬਾਰਡਰ, ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਅਤੇ ਅੰਮ੍ਰਿਤਸਰ ਨੇੜੇ ਵਾਹਗਾ-ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਸ਼ਾਮ 4:30 ਵਜੇ ਹੋਵੇਗੀ।
ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਕਾਰਨ ਹਰ ਸਾਲ ਰੀਟਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਸਮਾਰੋਹ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਅਤੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਅਤੇ ਸ਼ਾਮ 4 ਵਜੇ ਤੱਕ ਸਰਹੱਦ ’ਤੇ ਪਹੁੰਚ ਜਾਣ, ਤਾਂ ਜੋ ਸਮੇਂ ਸਿਰ ਸੁਰੱਖਿਆ ਜਾਂਚ ਦੀ ਪ੍ਰਕਿਰਿਆ ਪੂਰੀ ਕਰਕੇ ਸਮਾਰੋਹ ਦੇਖ ਸਕਣ।