ਫਿਲੀਪੀਨਜ਼ ‘ਚ ਅੱਜ PM ਮੋਦੀ ਤੇ ਟਰੰਪ ਦੀ ਮੁਲਾਕਾਤ, ਕਵਾਡ ਬੈਠਕ ‘ਚ ਹੋਣਗੇ ਸ਼ਾਮਲ
ਦੋ ਸਾਲ ਬਾਅਦ ਇਕੱਠੇ ਬੈਠਣਗੇ ਕਵਾਡ ਦੇ ਚਾਰ ਦੇਸ਼ਾਂ ਦੇ ਆਗੂ, ਮਨੀਲਾ ‘ਚ ਟਰੰਪ ਦੀ ਫੇਰੀ ਖ਼ਿਲਾਫ਼ ਪ੍ਰਦਰਸ਼ਨ ਵੀ ਸ਼ੁਰੂ
PM Modi & President Trump Meet; ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਹੋਵੇਗੀ। ਦੋਵੇਂ ਆਗੂ ਅੱਜ ਕਵਾਡ ਦੇਸ਼ਾਂ ਦੀ ਬੈਠਕ ਵਿੱਚ ਵੀ ਸ਼ਾਮਲ ਹੋਣਗੇ। ਇਸ ਦੌਰਾਨ ਫਿਲੀਪੀਨਜ਼ ਵਿੱਚ ਟਰੰਪ ਦੀ ਫੇਰੀ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਮਨੀਲਾ ਦੀਆਂ ਸੜਕਾਂ ‘ਤੇ ਕਈ ਪ੍ਰਦਰਸ਼ਨਕਾਰੀ ਉਤਰ ਕੇ ਅਮਰੀਕੀ ਨੀਤੀਆਂ ਅਤੇ ਟਰੰਪ ਦੇ ਦੌਰੇ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਹਨ।
ਦੋ ਸਾਲ ਬਾਅਦ ਇਕੱਠੇ ਹੋਣਗੇ ਕਵਾਡ ਦੇ ਆਗੂ
ਕਵਾਡ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ। ਇਸ ਸਮੂਹ ਦਾ ਮੁੱਖ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਸ ਬੈਠਕ ਵਿੱਚ ਮੋਦੀ ਅਤੇ ਟਰੰਪ ਤੋਂ ਇਲਾਵਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਵੀ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਚਾਰਾਂ ਦੇਸ਼ਾਂ ਦੇ ਆਗੂ ਸਤੰਬਰ 2024 ਵਿੱਚ ਅਮਰੀਕਾ ਦੇ ਡੇਲਾਵੇਅਰ ਵਿੱਚ ਮਿਲੇ ਸਨ। ਉਸ ਸਮੇਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਇਸ ਬੈਠਕ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਜ਼ਾਦ ਅਤੇ ਖੁੱਲ੍ਹਾ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ ਸੀ ਅਤੇ ਸਮੁੰਦਰੀ ਸੁਰੱਖਿਆ ਵਿੱਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਸੀ।
ਕਵਾਡ ਬੈਠਕ ‘ਚ ਇਨ੍ਹਾਂ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ
ਵ੍ਹਾਈਟ ਹਾਊਸ ਦੀ ਅਸਿਸਟੈਂਟ ਪ੍ਰੈੱਸ ਸਕੱਤਰ ਓਲੀਵੀਆ ਵੇਲਜ਼ ਮੁਤਾਬਕ, ਬੈਠਕ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਗੱਲਬਾਤ ਹੋਵੇਗੀ।
ਬੈਠਕ ਦੌਰਾਨ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਅਤੇ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਵਰਗੇ ਮੁੱਦੇ ਵੀ ਚਰਚਾ ਦਾ ਹਿੱਸਾ ਬਣ ਸਕਦੇ ਹਨ। ਊਰਜਾ ਦੀ ਸਪਲਾਈ ਜਾਰੀ ਰੱਖਣ ਲਈ ਸਮੁੰਦਰੀ ਵਪਾਰਕ ਰਸਤਿਆਂ ਨੂੰ ਖੁੱਲ੍ਹਾ ਅਤੇ ਸੁਰੱਖਿਅਤ ਰੱਖਣ ‘ਤੇ ਵੀ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਪਾਰਕ ਜਹਾਜ਼ਾਂ ‘ਤੇ ਹੋ ਰਹੇ ਹਮਲਿਆਂ ਦਾ ਮੁੱਦਾ ਵੀ ਉੱਠਣ ਦੀ ਸੰਭਾਵਨਾ ਹੈ।
ਮਨੀਲਾ ‘ਚ ਟਰੰਪ ਦੀ ਫੇਰੀ ਦਾ ਵਿਰੋਧ
ਇੱਕ ਪਾਸੇ ਜਿੱਥੇ ਕਵਾਡ ਬੈਠਕ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਮਨੀਲਾ ਵਿੱਚ ਟਰੰਪ ਦੇ ਦੌਰੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਅਮਰੀਕੀ ਨੀਤੀਆਂ ਦਾ ਵਿਰੋਧ ਕਰਦੇ ਹੋਏ ਸੜਕਾਂ ‘ਤੇ ਉਤਰੇ ਹਨ।