ਅੰਮ੍ਰਿਤਸਰ ‘ਚ ਪੁਲਿਸ ਤੇ BSF ਦੀ ਵੱਡੀ ਕਾਰਵਾਈ, ਵੱਖ-ਵੱਖ ਥਾਵਾਂ ਤੋਂ ਹੈਰੋਇਨ, ਅਫੀਮ ਤੇ ਹਥਿਆਰ ਬਰਾਮਦ
Amritsar BSF Operation; ਅੰਮ੍ਰਿਤਸਰ ‘ਚ ਪੁਲਿਸ ਅਤੇ BSF ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ, ਅਫੀਮ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਸਭ ਤੋਂ ਵੱਡੀ ਬਰਾਮਦਗੀ ਭਿੰਡੀ ਸੈਦਾ ਇਲਾਕੇ ‘ਚ ਹੋਈ, ਜਿੱਥੇ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਲੋਪੋਕੇ ਇਲਾਕੇ ‘ਚੋਂ ਵੀ ਹੈਰੋਇਨ ਅਤੇ ਅਫੀਮ ਬਰਾਮਦ ਹੋਈ ਹੈ।
ਭਿੰਡੀ ਸੈਦਾ ‘ਚ BSF ਦੀ ਫਤਿਹਪੁਰ ਪੋਸਟ ਨੇੜਿਓਂ ਡਰੋਨ ਰਾਹੀਂ ਭੇਜੇ ਗਏ 12 ਪੈਕੇਟ ਬਰਾਮਦ ਕੀਤੇ ਗਏ। ਇਨ੍ਹਾਂ ਦਾ ਕੁੱਲ ਵਜ਼ਨ 6 ਕਿਲੋ 712 ਗ੍ਰਾਮ ਹੈਰੋਇਨ ਸੀ। ਮੌਕੇ ਤੋਂ ਡਰੋਨ ਵੀ ਬਰਾਮਦ ਕੀਤਾ ਗਿਆ।
ਲੋਪੋਕੇ ‘ਚ ਇੱਕ ਮਾਮਲੇ ਦੌਰਾਨ 2 ਮੁਲਜ਼ਮਾਂ ਕੋਲੋਂ 4 ਕਿਲੋ ਹੈਰੋਇਨ ਅਤੇ 800 ਗ੍ਰਾਮ ਅਫੀਮ ਫੜੀ ਗਈ। ਇਸੇ ਇਲਾਕੇ ‘ਚ ਲਿੰਕ ਰੋਡ ਨੇੜਿਓਂ ਇੱਕ ਹੋਰ ਮਾਮਲੇ ‘ਚ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਲੋਪੋਕੇ ‘ਚ ਹੀ ਇੱਕ ਹੋਰ ਮੁਲਜ਼ਮ ਕੋਲੋਂ 530 ਗ੍ਰਾਮ ਅਫੀਮ ਵੀ ਫੜੀ ਗਈ।
ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ
ਘਰਿੰਡਾ ‘ਚ ਖੇਤਾਂ ‘ਚੋਂ ਮਿਲੇ ਪੈਕੇਟ ਦੀ ਜਾਂਚ ਦੌਰਾਨ 596 ਗ੍ਰਾਮ ਹੈਰੋਇਨ ਬਰਾਮਦ ਹੋਈ। ਉੱਥੇ ਹੀ ਜੰਡਿਆਲਾ ‘ਚ 2 ਮੁਲਜ਼ਮਾਂ ਕੋਲੋਂ 32 ਬੋਰ ਦਾ ਪਿਸਤੌਲ, ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
4 ਪਿਸਤੌਲ, 8 ਮੈਗਜ਼ੀਨ ਅਤੇ 100 ਕਾਰਤੂਸ ਜ਼ਬਤ
ਇਸ ਤੋਂ ਇਲਾਵਾ ਲੋਪੋਕੇ ਇਲਾਕੇ ‘ਚ BSF ਦੀ ਕਾਰਵਾਈ ਦੌਰਾਨ 4 ਪਿਸਤੌਲ, 8 ਮੈਗਜ਼ੀਨ ਅਤੇ 100 ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਸਾਰੇ ਮਾਮਲਿਆਂ ‘ਚ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।