ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ
Saif Ali Khan Death Threat; ਬਾਲੀਵੁੱਡ ਇੰਡਸਟਰੀ ‘ਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ। ਸਲਮਾਨ ਖ਼ਾਨ, ਰੋਹਿਤ ਸ਼ੈੱਟੀ ਅਤੇ ਟਾਈਗਰ ਸ਼ਰੌਫ਼ ਤੋਂ ਬਾਅਦ ਹੁਣ ਅਦਾਕਾਰ ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਕੀ ਐਨਸੀਪੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਕਤਲ ਮਾਮਲੇ ‘ਚ ਫਰਾਰ ਚੱਲ ਰਹੇ ਮੁਲਜ਼ਮ ਜੀਸ਼ਾਨ ਅਖ਼ਤਰ ਦੇ ਨਾਂ ‘ਤੇ ਦਿੱਤੀ ਗਈ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ ਹੋ ਗਈ ਹੈ ਅਤੇ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਮੀਡੀਆ ਰਿਪੋਰਟਾਂ ਮੁਤਾਬਕ ਸੈਫ ਅਲੀ ਖ਼ਾਨ ਨੂੰ ਹਾਲ ਹੀ ‘ਚ ਇੱਕ ਧਮਕੀ ਭਰਿਆ ਮੈਸੇਜ ਮਿਲਿਆ ਹੈ, ਜਿਸ ‘ਚ ਜੀਸ਼ਾਨ ਅਖ਼ਤਰ ਦਾ ਨਾਂ ਲਿਖਿਆ ਗਿਆ ਹੈ। ਹਾਲਾਂਕਿ, ਅਜੇ ਤੱਕ ਸੈਫ ਅਲੀ ਖ਼ਾਨ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
ਦੂਜੇ ਪਾਸੇ ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਪੁਲਿਸ ਟੀਮ ਇਸ ਮੈਸੇਜ ਦੀ ਸੱਚਾਈ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸੱਚਮੁੱਚ ਜੀਸ਼ਾਨ ਅਖ਼ਤਰ ਨੇ ਇਹ ਧਮਕੀ ਦਿੱਤੀ ਹੈ ਜਾਂ ਫਿਰ ਕੋਈ ਹੋਰ ਵਿਅਕਤੀ ਉਸ ਦੇ ਨਾਂ ਦੀ ਵਰਤੋਂ ਕਰਕੇ ਸਿਤਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕੌਣ ਹੈ ਜੀਸ਼ਾਨ ਅਖ਼ਤਰ?
ਦਰਅਸਲ, 12 ਅਕਤੂਬਰ 2024 ਨੂੰ ਐਨਸੀਪੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਮੁੰਬਈ ਦੇ ਬਾਂਦਰਾ ਈਸਟ ‘ਚ ਉਨ੍ਹਾਂ ਦੇ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਲਈ ਸੀ। ਪੁਲਿਸ ਮੁਤਾਬਕ ਜੀਸ਼ਾਨ ਅਖ਼ਤਰ ਇਸ ਮਾਮਲੇ ‘ਚ ਉਦੋਂ ਤੋਂ ਹੀ ਫਰਾਰ ਹੈ।
ਉੱਥੇ ਹੀ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਪਿਛਲੇ ਸਾਲ ਨਵੰਬਰ ‘ਚ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਹੈ।
ਕਿਤੇ AI ਰਾਹੀਂ ਦਿੱਤੀ ਫਰਜ਼ੀ ਧਮਕੀ ਤਾਂ ਨਹੀਂ?
ਮੁੰਬਈ ਪੁਲਿਸ ਇਸ ਧਮਕੀ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਇਸੇ ਮਹੀਨੇ ਅਦਾਕਾਰ ਤੁਸ਼ਾਰ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਨੂੰ ਵੀ ਅਜਿਹੇ ਧਮਕੀ ਭਰੇ ਮੈਸੇਜ ਮਿਲੇ ਸਨ।
ਜਾਂਚ ਦੌਰਾਨ ਬੈਂਗਲੁਰੂ ਦੇ ਰਹਿਣ ਵਾਲੇ 30 ਸਾਲਾ IIT ਗ੍ਰੈਜੂਏਟ ਵੈਭਵ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਉਸ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧ ਨਹੀਂ ਸੀ, ਸਗੋਂ ਉਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦੀ ਮਦਦ ਨਾਲ ਧਮਕੀ ਭਰੇ ਮੈਸੇਜ ਅਤੇ ਆਡੀਓ ਕਲਿੱਪ ਤਿਆਰ ਕੀਤੇ ਸਨ। ਹੁਣ ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਸੈਫ ਨੂੰ ਮਿਲੀ ਧਮਕੀ ਵੀ ਅਜਿਹੀ ਹੀ ਕੋਈ ਨਕਲ ਤਾਂ ਨਹੀਂ।
2 ਸਾਲ ਪਹਿਲਾਂ ਸੈਫ ਦੇ ਘਰ ‘ਚ ਹੋਇਆ ਸੀ ਜਾਨਲੇਵਾ ਹਮਲਾ
ਇਹ ਧਮਕੀ ਸੈਫ ਅਲੀ ਖ਼ਾਨ ਲਈ ਇਸ ਕਰਕੇ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ 16 ਜਨਵਰੀ 2025 ਦੀ ਰਾਤ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਚ ਇੱਕ ਹਮਲਾਵਰ ਦਾਖ਼ਲ ਹੋ ਗਿਆ ਸੀ। ਉਹ ਚੋਰੀ ਦੇ ਇਰਾਦੇ ਨਾਲ ਘਰ ‘ਚ ਵੜਿਆ ਸੀ ਅਤੇ ਸੈਫ ਦੇ ਛੋਟੇ ਪੁੱਤਰ ਜੇਹ ਦੇ ਕਮਰੇ ਵੱਲ ਵਧ ਰਿਹਾ ਸੀ।
ਪੁੱਤਰ ਨੂੰ ਬਚਾਉਣ ਲਈ ਸੈਫ ਹਮਲਾਵਰ ਨਾਲ ਭਿੜ ਗਏ। ਇਸ ਦੌਰਾਨ ਹਮਲਾਵਰ ਨੇ ਉਨ੍ਹਾਂ ‘ਤੇ ਚਾਕੂ ਨਾਲ 6 ਵਾਰ ਕੀਤੇ। ਹਮਲੇ ‘ਚ ਉਨ੍ਹਾਂ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ਨੇੜੇ ਗੰਭੀਰ ਸੱਟਾਂ ਲੱਗੀਆਂ ਸਨ। ਕਰੀਨਾ ਕਪੂਰ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਲੈ ਕੇ ਪਹੁੰਚੀ ਸੀ, ਜਿੱਥੇ ਉਨ੍ਹਾਂ ਦੀ ਕਰੀਬ 6 ਘੰਟੇ ਸਰਜਰੀ ਹੋਈ ਸੀ। ਇਸ ਮਾਮਲੇ ‘ਚ ਪੁਲਿਸ ਨੇ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨਾਂ ਦੇ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ।
ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਿਸ਼ਾਨੇ ‘ਤੇ
ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੂੰ ਗੈਂਗਸਟਰਾਂ ਅਤੇ ਅਣਪਛਾਤੇ ਲੋਕਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਅਪ੍ਰੈਲ 2024 ‘ਚ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਹੋਈ ਸੀ।
ਇਸ ਤੋਂ ਬਾਅਦ ਫਰਵਰੀ 2026 ‘ਚ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਜੁਹੂ ਸਥਿਤ ਘਰ ‘ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਉੱਥੇ ਹੀ 18 ਅਕਤੂਬਰ 2026 ਨੂੰ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ‘ਤੇ ਵੀ ਬਾਈਕ ਸਵਾਰ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।
ਇਸ ਤੋਂ ਇਲਾਵਾ ਅਮਿਤਾਭ ਬੱਚਨ, ਰਣਵੀਰ ਸਿੰਘ ਅਤੇ ਆਯੁਸ਼ ਸ਼ਰਮਾ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਮੁੰਬਈ ਪੁਲਿਸ ਵੱਲੋਂ ਕਈ ਫਿਲਮੀ ਸਿਤਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।