EPFO ਨੇ WhatsApp ਸੇਵਾ ਕੀਤੀ ਸ਼ੁਰੂ: ਇੰਝ ਚੈੱਕ ਕੀਤਾ ਜਾ ਸਕਦਾ ਹੈ PF ਬੈਲੇਂਸ
- ਹੁਣ WhatsApp ’ਤੇ ਸਿਰਫ਼ ‘Hi’ ਭੇਜ ਕੇ ਮਿਲੇਗੀ ਪੀਐੱਫ ਖਾਤੇ ਦੀ ਜਾਣਕਾਰੀ
- ਆਖਰੀ 5 ਲੈਣ-ਦੇਣ ਅਤੇ ਪਾਸਬੁੱਕ ਡਾਊਨਲੋਡ ਕਰਨ ਦੀ ਵੀ ਸਹੂਲਤ
ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਸ਼ੁਰੂ ਕੀਤੀ ਗਈ WhatsApp ਸੇਵਾ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸੰਗਠਨ ਮੁਤਾਬਕ, ਇਸ ਸਹੂਲਤ ਦੀ ਸ਼ੁਰੂਆਤ ਤੋਂ ਬਾਅਦ ਮਹਿਜ਼ 14 ਦਿਨਾਂ ਵਿੱਚ 89.88 ਲੱਖ ਮੈਂਬਰਾਂ ਨੇ WhatsApp ਰਾਹੀਂ ਆਪਣੇ ਪੀਐੱਫ ਖਾਤੇ ਦਾ ਬੈਲੇਂਸ ਚੈੱਕ ਕੀਤਾ ਹੈ। EPFO ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਇਸ ਸੇਵਾ ਦੀ ਜਾਣਕਾਰੀ ਦਿੱਤੀ ਹੈ। ਇਸ ਸਹੂਲਤ ਰਾਹੀਂ ਹੁਣ ਪੀਐੱਫ ਖਾਤਾਧਾਰਕਾਂ ਨੂੰ ਬੈਲੇਂਸ ਪਤਾ ਕਰਨ ਲਈ ਵੱਖ-ਵੱਖ ਦਫ਼ਤਰਾਂ ਜਾਂ ਪੋਰਟਲ ’ਤੇ ਜਾਣ ਦੀ ਲੋੜ ਨਹੀਂ ਰਹੇਗੀ। ਉਹ WhatsApp ’ਤੇ ਸਿਰਫ਼ ‘Hi’ ਲਿਖ ਕੇ ਕਈ ਜ਼ਰੂਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਸ ਨੰਬਰ ’ਤੇ ਭੇਜੋ ‘Hi’: EPFO ਦੀ WhatsApp ਸੇਵਾ ਨਾਲ ਜੁੜਨ ਲਈ 8796441800 ਨੰਬਰ ਜਾਰੀ ਕੀਤਾ ਗਿਆ ਹੈ। ਇਸ ਸੇਵਾ ਦੀ ਵਰਤੋਂ ਕਰਨ ਲਈ ਹੇਠ ਲਿਖੇ ਕਦਮ ਅਪਣਾਉਣੇ ਹੋਣਗੇ:
- ਸਭ ਤੋਂ ਪਹਿਲਾਂ 8796441800 ਨੰਬਰ ਆਪਣੇ ਮੋਬਾਈਲ ਵਿੱਚ ਸੇਵ ਕਰੋ।
- WhatsApp ਖੋਲ੍ਹ ਕੇ ਇਸ ਨੰਬਰ ’ਤੇ ਚੈਟ ਸ਼ੁਰੂ ਕਰੋ।
- ਚੈਟ ਵਿੱਚ ‘Hi’ ਲਿਖ ਕੇ ਮੈਸੇਜ ਭੇਜੋ।
- ਇਸ ਤੋਂ ਬਾਅਦ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰੋ।
- ਧਿਆਨ ਰਹੇ ਕਿ WhatsApp ’ਤੇ ਵਰਤਿਆ ਜਾ ਰਿਹਾ ਮੋਬਾਈਲ ਨੰਬਰ ਤੁਹਾਡੇ UAN ਨਾਲ ਲਿੰਕ ਹੋਣਾ ਚਾਹੀਦਾ ਹੈ।
- ਵੈਰੀਫਿਕੇਸ਼ਨ ਤੋਂ ਬਾਅਦ ਆਪਣੀ ਲੋੜ ਮੁਤਾਬਕ ਸੇਵਾ ਚੁਣੋ।
WhatsApp ’ਤੇ ਮਿਲਣਗੀਆਂ ਇਹ ਸਹੂਲਤਾਂ
ਇਸ ਸੇਵਾ ਰਾਹੀਂ ਮੈਂਬਰ ਆਪਣੇ ਪੀਐੱਫ ਖਾਤੇ ਵਿੱਚ ਜਮ੍ਹਾਂ ਰਕਮ ਦੀ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਆਖਰੀ ਪੰਜ ਲੈਣ-ਦੇਣ ਦੀ ਜਾਣਕਾਰੀ ਅਤੇ ਖਾਤੇ ਦੀ ਪਾਸਬੁੱਕ ਡਾਊਨਲੋਡ ਕਰਨ ਦਾ ਵਿਕਲਪ ਵੀ ਉਪਲਬਧ ਹੈ। ਚੈਟਬੋਟ ’ਤੇ ਮੁੱਖ ਤੌਰ ’ਤੇ ਚਾਰ ਵਿਕਲਪ ਦਿੱਤੇ ਜਾਂਦੇ ਹਨ:
- ਪੀਐੱਫ ਬੈਲੇਂਸ ਚੈੱਕ ਕਰਨਾ
- ਆਖਰੀ ਪੰਜ ਲੈਣ-ਦੇਣ ਦੇਖਣਾ
- ਪਾਸਬੁੱਕ ਡਾਊਨਲੋਡ ਕਰਨਾ
- ਭਾਸ਼ਾ ਬਦਲਣਾ
ਮੈਂਬਰ WhatsApp ’ਤੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਵੀ ਇਸ ਸੇਵਾ ਨਾਲ ਜੁੜ ਸਕਦੇ ਹਨ। ਇਸ ਤੋਂ ਬਾਅਦ ‘Hi’ ਭੇਜ ਕੇ ਆਪਣੀ ਪਸੰਦ ਦੀ ਭਾਸ਼ਾ ਚੁਣੀ ਜਾ ਸਕਦੀ ਹੈ ਅਤੇ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।