ਕੋਲਡਪਲੇ ਦਾ ਨਾਂ ਲੈ ਕੇ ਦਿਲਜੀਤ ਦੋਸਾਂਝ ਨੇ ਚੁੱਕੇ ਸਵਾਲ, ਕਿਹਾ- ਵਿਦੇਸ਼ੀ ਕਲਾਕਾਰ ਗਾਉਣ ਤਾਂ ਕੋਈ ਦਿੱਕਤ ਨਹੀਂ
ਅਹਿਮਦਾਬਾਦ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ‘Aura India Tour 2026’ ਨੂੰ ਲੈ ਕੇ ਚਰਚਾ ਵਿੱਚ ਹਨ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਾਈਵ ਸ਼ੋਅ ਕਰ ਰਹੇ ਦਿਲਜੀਤ ਨੂੰ ਇਸ ਦੌਰੇ ਦੌਰਾਨ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ਕੰਸਰਟ ਦੌਰਾਨ ਉਨ੍ਹਾਂ ਨੇ ਆਪਣੇ ਗੀਤਾਂ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਦਰਅਸਲ, ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਨੇ ਦਿਲਜੀਤ ਨੂੰ ਚਾਰ ਗੀਤ ਨਾ ਗਾਉਣ ਦੀ ਅਪੀਲ ਕੀਤੀ ਸੀ। ਇਸ ਮਾਮਲੇ ’ਤੇ ਗਾਇਕ ਨੇ ਸਵਾਲ ਉਠਾਇਆ ਕਿ ਆਖ਼ਰ ਉਨ੍ਹਾਂ ਦੇ ਗੀਤਾਂ ’ਤੇ ਹੀ ਪਾਬੰਦੀਆਂ ਕਿਉਂ ਲਗਾਈਆਂ ਜਾਂਦੀਆਂ ਹਨ ?
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਹਿਮਦਾਬਾਦ ਕੰਸਰਟ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਉਹ ਦਰਸ਼ਕਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਪ੍ਰਦਰਸ਼ਨ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਦੋਂ ਕੋਲਡਪਲੇ ਨੇ ਇਸੇ ਸਟੇਡੀਅਮ ਵਿੱਚ ਕੰਸਰਟ ਕੀਤਾ ਸੀ, ਤਾਂ ਉਨ੍ਹਾਂ ਨੇ ਵੀ ਇੱਥੇ ਪ੍ਰਦਰਸ਼ਨ ਕਰਨ ਦਾ ਸੁਪਨਾ ਦੇਖਿਆ ਸੀ।
ਕੋਲਡਪਲੇ ਦਾ ਉਦਾਹਰਨ ਦੇ ਕੇ ਦੋਹਰੇ ਮਾਪਦੰਡਾਂ ’ਤੇ ਸਵਾਲ
ਦਿਲਜੀਤ ਨੇ ਕੋਲਡਪਲੇ ਦੇ ਗੀਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਵਿਦੇਸ਼ੀ ਕਲਾਕਾਰ ਆਪਣੇ ਗੀਤਾਂ ਵਿੱਚ ‘ਡਰੰਕ ਐਂਡ ਹਾਈ’ ਵਰਗੀਆਂ ਗੱਲਾਂ ਕਰਦੇ ਹਨ, ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਪਰ ਜਦੋਂ ਉਹੀ ਗੱਲਾਂ ਦਿਲਜੀਤ ਦੇ ਗੀਤਾਂ ਵਿੱਚ ਹੁੰਦੀਆਂ ਹਨ, ਤਾਂ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਉਨ੍ਹਾਂ ਪੁੱਛਿਆ ਕਿ ਇਹ ਦੋਹਰਾ ਰਵੱਈਆ ਕਿਉਂ ਹੈ ? ਗਾਇਕ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਭਾਰਤ ਵਿੱਚ ਹੋਇਆ ਹੈ, ਫਿਰ ਉਨ੍ਹਾਂ ਨੂੰ ਬਾਹਰੋਂ ਆਇਆ ਕਲਾਕਾਰ ਕਿਉਂ ਕਿਹਾ ਜਾਂਦਾ ਹੈ ?
‘ਸਿਰਫ਼ ਮੇਰੇ ’ਤੇ ਹੀ ਪਾਬੰਦੀਆਂ ਕਿਉਂ ?’
ਕੰਸਰਟ ਦੌਰਾਨ ਦਿਲਜੀਤ ਨੇ ਕਿਹਾ ਕਿ ਪਾਬੰਦੀਆਂ ਲਗਾਉਣ ਵਾਲੇ ਲੋਕਾਂ ਨਾਲ ਉਨ੍ਹਾਂ ਦੀ ਕੋਈ ਨਿੱਜੀ ਨਾਰਾਜ਼ਗੀ ਨਹੀਂ ਹੈ ਅਤੇ ਉਹ ਸਾਰਿਆਂ ਲਈ ਪਿਆਰ ਰੱਖਦੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਸ਼ੇਅਰ ਵੀ ਸੁਣਾਇਆ ਅਤੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਕਿਤੇ ਇਸ ’ਤੇ ਵੀ ਪਾਬੰਦੀ ਨਾ ਲੱਗ ਜਾਵੇ।
ਪ੍ਰੋਫੈਸਰ ਨੇ ਚਾਰ ਗੀਤਾਂ ’ਤੇ ਜਤਾਇਆ ਸੀ ਇਤਰਾਜ਼
ਚੰਡੀਗੜ੍ਹ ਦੇ PGGC-46 ਵਿੱਚ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਡਾ. ਪੰਡਿਤ ਰਾਓ ਧਰੇਨਾਵਰ ਨੇ ਦਿਲਜੀਤ ਦੇ ਚਾਰ ਗੀਤਾਂ ’ਤੇ ਇਤਰਾਜ਼ ਜਤਾਇਆ ਸੀ। ਇਨ੍ਹਾਂ ਵਿੱਚ ‘ਪਟਿਆਲਾ ਪੈੱਗ’, ‘ਪੰਜ ਤਾਰਾ’, ‘ਜੇ ਬਿਛੋ ਫੀਮ ਲੱਭੀਆ’ ਅਤੇ ‘ਜੱਟ ਉੱਤੇ ਫਾਇਰ ਕਰਦਾ’ ਸ਼ਾਮਲ ਹਨ। ਪ੍ਰੋਫੈਸਰ ਦਾ ਦੋਸ਼ ਹੈ ਕਿ ਇਨ੍ਹਾਂ ਗੀਤਾਂ ਦੇ ਬੋਲ ਸ਼ਰਾਬ, ਨਸ਼ੇ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦਿਲਜੀਤ ਨੂੰ ਕੰਸਰਟ ਦੌਰਾਨ ਇਹ ਗੀਤ ਨਾ ਗਾਉਣ ਦੀ ਅਪੀਲ ਕੀਤੀ ਸੀ। ਨਾਲ ਹੀ ਅਜਿਹਾ ਨਾ ਕਰਨ ’ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਸੀ।
ਅਹਿਮਦਾਬਾਦ ਕੰਸਰਟ ਵਿੱਚ ਦਿਲਜੀਤ ਦੇ ਬਿਆਨ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ।