ਦਿੱਲੀ ’ਚ ਸਿਰਫ਼ BS-VI ਵਾਹਨਾਂ ਨੂੰ ਮਿਲੇਗੀ ਐਂਟਰੀ ? ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
- ਪ੍ਰਦੂਸ਼ਣ ਨਾਲ ਨਜਿੱਠਣ ਲਈ ਪੰਜ ਸਾਲਾਂ ਦੀ ਯੋਜਨਾ ਬਣਾਉਣ ’ਤੇ ਜ਼ੋਰ
- ਪੰਜਾਬ, ਹਰਿਆਣਾ ਤੇ ਯੂਪੀ ਤੋਂ ਮੰਗੀ ਕਾਰਵਾਈ ਦੀ ਰਿਪੋਰਟ
ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਗੁਣਵੱਤਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਹੈ। ਅਦਾਲਤ ਨੇ ਕੌਮੀ ਰਾਜਧਾਨੀ ਵਿੱਚ ਸਿਰਫ਼ ਬੀ.ਐੱਸ.-6 (BS-VI) ਮਿਆਰ ਵਾਲੇ ਵਾਹਨਾਂ ਨੂੰ ਹੀ ਆਉਣ ਦੀ ਇਜਾਜ਼ਤ ਦੇਣ ਦੇ ਪ੍ਰਸਤਾਵ ’ਤੇ ਵਿਚਾਰ ਕਰਨ ਦੇ ਸੰਕੇਤ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰਦੂਸ਼ਣ ਫੈਲਾਉਣ ਵਾਲੇ ਵਪਾਰਕ ਵਾਹਨਾਂ ਦੀ ਦਿੱਲੀ ਵਿੱਚ ਐਂਟਰੀ ਰੋਕਣ ਲਈ ਲੰਮੇ ਸਮੇਂ ਦੀ ਯੋਜਨਾ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਹਵਾ ਪ੍ਰਦੂਸ਼ਣ ਨਾਲ ਸਬੰਧਤ ਖ਼ੁਦ ਨੋਟਿਸ ਵਾਲੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ ਪੂਰੇ ਐੱਨ.ਸੀ.ਆਰ. ਵਿੱਚ ਬੀ.ਐੱਸ.-6 ਵਾਹਨਾਂ ਦੀ ਸ਼ਰਤ ਲਾਗੂ ਕਰਨਾ ਸੰਭਵ ਨਹੀਂ ਹੈ ਤਾਂ ਘੱਟੋ-ਘੱਟ ਦਿੱਲੀ ਵਿੱਚ ਇਹ ਵਿਵਸਥਾ ਕੀਤੀ ਜਾ ਸਕਦੀ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਨੂੰ ਘਟਾਉਣਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਅਹਿਮ ਹੈ। ਬੀ.ਐੱਸ.-6 ਮਿਆਰ ਵਾਲੇ ਵਾਹਨਾਂ ਵਿੱਚ ਬੀ.ਐੱਸ.-4 ਦੇ ਮੁਕਾਬਲੇ ਹਾਨੀਕਾਰਕ ਪ੍ਰਦੂਸ਼ਕਾਂ ਦਾ ਨਿਕਾਸ ਘੱਟ ਹੁੰਦਾ ਹੈ। ਇਹ ਨਿਯਮ 1 ਅਪਰੈਲ, 2020 ਤੋਂ ਲਾਗੂ ਹੋਏ ਸਨ।
ਸਰਹੱਦ ’ਤੇ ਗੋਦਾਮ, ਸ਼ਹਿਰ ਅੰਦਰ ਪ੍ਰਦੂਸ਼ਣ ਰਹਿਤ ਵਾਹਨ
ਸੁਪਰੀਮ ਕੋਰਟ ਨੇ ਦਿੱਲੀ ਵਿੱਚ ਸਾਮਾਨ ਦੀ ਸਪਲਾਈ ਜਾਰੀ ਰੱਖਣ ਦੇ ਨਾਲ ਪ੍ਰਦੂਸ਼ਣ ਘਟਾਉਣ ਲਈ ਨਵਾਂ ਪ੍ਰਬੰਧ ਵਿਕਸਿਤ ਕਰਨ ਦਾ ਸੁਝਾਅ ਦਿੱਤਾ। ਚੀਫ਼ ਜਸਟਿਸ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਗੋਦਾਮ ਬਣਾਏ ਜਾ ਸਕਦੇ ਹਨ, ਜਿੱਥੇ ਬਾਹਰੋਂ ਆਉਣ ਵਾਲਾ ਸਾਮਾਨ ਉਤਾਰਿਆ ਜਾਵੇ। ਇਸ ਤੋਂ ਬਾਅਦ ਬੈਟਰੀ ਨਾਲ ਚੱਲਣ ਵਾਲੇ ਜਾਂ ਹੋਰ ਪ੍ਰਦੂਸ਼ਣ ਰਹਿਤ ਵਾਹਨਾਂ ਰਾਹੀਂ ਸਬਜ਼ੀਆਂ, ਫਲ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਸ਼ਹਿਰ ਅੰਦਰ ਪਹੁੰਚਾਈਆਂ ਜਾ ਸਕਦੀਆਂ ਹਨ।
ਬੈਂਚ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਬੰਧ ਨੂੰ ਲਾਗੂ ਕਰਨ ਲਈ ਸਮਾਂ ਲੱਗ ਸਕਦਾ ਹੈ। ਭਾਵੇਂ ਇਹ ਯੋਜਨਾ ਇਸ ਸਾਲ ਜਾਂ ਅਗਲੇ ਸਾਲ ਲਾਗੂ ਨਾ ਹੋ ਸਕੇ, ਪਰ ਪੰਜ ਸਾਲਾਂ ਦੇ ਅੰਦਰ ਇਸ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਅਦਾਲਤ ਦਾ ਉਦੇਸ਼ ਇਹ ਹੈ ਕਿ ਭਵਿੱਖ ਵਿੱਚ ਕੋਈ ਵੀ ਪ੍ਰਦੂਸ਼ਣ ਫੈਲਾਉਣ ਵਾਲਾ ਵਪਾਰਕ ਵਾਹਨ ਦਿੱਲੀ ਵਿੱਚ ਦਾਖ਼ਲ ਨਾ ਹੋਵੇ।
ਪੰਜਾਬ ਤੇ ਹਰਿਆਣਾ ਸਮੇਤ ਸੂਬਿਆਂ ਤੋਂ ਮੰਗਿਆ ਜਵਾਬ
ਸੁਣਵਾਈ ਦੌਰਾਨ ਅਦਾਲਤ ਨੇ ਐੱਨ.ਸੀ.ਆਰ. ਦੇ ਸੂਬਿਆਂ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਵੀ ਸਵਾਲ ਉਠਾਏ। ਬੈਂਚ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਸਬੰਧਤ ਸੂਬਿਆਂ ਨੂੰ ਹਵਾ ਵਿੱਚ ਮੌਜੂਦ ਸੂਖਮ ਕਣਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਚੁੱਕੇ ਕਦਮਾਂ ਬਾਰੇ ਸਥਿਤੀ ਰਿਪੋਰਟਾਂ ਦਾਇਰ ਕਰਨ ਦੇ ਨਿਰਦੇਸ਼ ਦਿੱਤੇ।
ਅਦਾਲਤ ਨੇ ਪਹਿਲਾਂ ਵੀ ਦਿੱਲੀ ਦੇ ਆਲੇ-ਦੁਆਲੇ ਦੇ ਸ਼ਹਿਰਾਂ ਗਾਜ਼ੀਆਬਾਦ, ਗ੍ਰੇਟਰ ਨੋਇਡਾ, ਗੁਰੂਗ੍ਰਾਮ ਅਤੇ ਫਰੀਦਾਬਾਦ ਦੀਆਂ ਸੜਕਾਂ ’ਤੇ ਵਾਹਨਾਂ ਦੀ ਭਾਰੀ ਆਵਾਜਾਈ ਨੂੰ ਪ੍ਰਦੂਸ਼ਣ ਦਾ ਵੱਡਾ ਕਾਰਨ ਦੱਸਿਆ ਸੀ। ਬੈਂਚ ਮੁਤਾਬਕ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਦਿੱਲੀ ਦੇ ਚਿੰਤਾਜਨਕ ਹਵਾ ਗੁਣਵੱਤਾ ਸੂਚਕ ਅੰਕ (AQI) ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਸੰਕਟ ਨਾਲ ਨਜਿੱਠਣ ਲਈ ਸਿਰਫ਼ ਤੁਰੰਤ ਪਾਬੰਦੀਆਂ ਲਗਾਉਣਾ ਕਾਫ਼ੀ ਨਹੀਂ ਹੋਵੇਗਾ, ਸਗੋਂ ਸੂਬਿਆਂ ਦੇ ਸਹਿਯੋਗ ਨਾਲ ਲੰਮੇ ਸਮੇਂ ਦੀ ਯੋਜਨਾ ਲਾਗੂ ਕਰਨੀ ਪਵੇਗੀ।