ਟਰੰਪ ਨੇ ਜੇਨਸਨ ਹੁਆਂਗ ਨੂੰ ਦੱਸਿਆ ‘ਮਹਾਨ ਦੇਸ਼ਭਗਤ’, NVIDIA ਦੇ CEO ਦੀ ਵਾਪਸੀ ਦਾ ਕੀਤਾ ਸਮਰਥਨ
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ NVIDIA ਦੇ CEO ਜੇਨਸਨ ਹੁਆਂਗ ਦੀ ਅਗਵਾਈ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ‘ਮਹਾਨ ਦੇਸ਼ਭਗਤ’ ਅਤੇ ‘ਕੌਮੀ ਖ਼ਜ਼ਾਨਾ’ ਕਰਾਰ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ NVIDIA ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਹੁਆਂਗ ਨੂੰ CEO ਦੇ ਅਹੁਦੇ ’ਤੇ ਵਾਪਸ ਲਿਆਉਣ ਦਾ ਸਹੀ ਫ਼ੈਸਲਾ ਕੀਤਾ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਨੂੰ NVIDIA ਵਿੱਚ ਹੁਆਂਗ ਦੀ ਅਗਵਾਈ ਦੀ ਲੋੜ ਹੈ, ਤਾਂ ਜੋ ਨਾ ਸਿਰਫ਼ ਕੰਪਨੀ ਦੀ ਸਫਲਤਾ ਯਕੀਨੀ ਬਣਾਈ ਜਾ ਸਕੇ, ਸਗੋਂ ਅਮਰੀਕੀ ਅਰਥਵਿਵਸਥਾ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਵੀ ਯੋਗਦਾਨ ਪਾਇਆ ਜਾ ਸਕੇ।
ਟਰੰਪ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਕੋਲ ਅਜਿਹਾ ਕੋਈ ਕਾਰਨ ਨਹੀਂ ਹੈ, ਜਿਸ ਦੇ ਆਧਾਰ ’ਤੇ ਇਹ ਮੰਨਿਆ ਜਾਵੇ ਕਿ ਹੁਆਂਗ ਦੀ NVIDIA ਵਿੱਚ ਵਾਪਸੀ ਨਾਲ ਕੌਮੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਵੇਗਾ। ਉਨ੍ਹਾਂ ਮੁਤਾਬਕ ਅਮਰੀਕਾ ਦੇ ਅਟਾਰਨੀ ਜਨਰਲ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਕੋਲ ਹੁਆਂਗ ਵੱਲੋਂ ਕਿਸੇ ਗੈਰ-ਕਾਨੂੰਨੀ ਕੰਮ ਕੀਤੇ ਜਾਣ ਦਾ ਸਬੂਤ ਨਹੀਂ ਹੈ।
ਐਕਸਪੋਰਟ ਕੰਟਰੋਲਾਂ ਦੀ ਜਾਂਚ ਜਾਰੀ ਰੱਖਣ ਦੀ ਸਲਾਹ
ਟਰੰਪ ਨੇ NVIDIA ਨੂੰ ਅਮਰੀਕੀ ਐਕਸਪੋਰਟ ਕੰਟਰੋਲ ਨਿਯਮਾਂ ਦੀ ਪਾਲਣਾ ਸਬੰਧੀ ਆਪਣੀ ਅੰਦਰੂਨੀ ਜਾਂਚ ਪੂਰੀ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਅਮਰੀਕਾ ਦੀ ਕੌਮੀ ਸੁਰੱਖਿਆ ਦੀ ਰੱਖਿਆ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਦੇਸ਼ਭਗਤੀ ਦੇ ਫ਼ਰਜ਼ਾਂ ਨੂੰ ਪੂਰਾ ਕਰ ਰਹੀ ਹੈ। ਟਰੰਪ ਨੇ ਆਪਣੀ ਪੋਸਟ ਦੇ ਅਖੀਰ ਵਿੱਚ ਜੇਨਸਨ ਹੁਆਂਗ, NVIDIA ਦੇ ਬੋਰਡ, ਅਮਰੀਕੀ ਲੋਕਾਂ ਅਤੇ ਪੂਰੀ ਦੁਨੀਆ ਨੂੰ ਵਧਾਈ ਦਿੱਤੀ।