ਪਾਕਿਸਤਾਨੀ ਖੁਫੀਆ ਏਜੰਟਾਂ ਨੇ ਫੌਜ ਅਤੇ ਨੀਮ ਫੌਜੀ ਬਲਾਂ ਦੇ 13 ਵਟਸਐਪ ਗਰੁੱਪਾਂ ਵਿੱਚ ਕੀਤੀ ਘੁਸਪੈਠ
ਨਵੀਂ ਦਿੱਲੀ: ਪਾਕਿਸਤਾਨ ਨਾਲ ਜੁੜੇ ਖੁਫੀਆ ਏਜੰਟਾਂ ਵੱਲੋਂ ਭਾਰਤੀ ਫੌਜ ਅਤੇ ਨੀਮ ਫੌਜੀ ਬਲਾਂ ਦੇ 13 ਵਟਸਐਪ ਗਰੁੱਪਾਂ ਵਿੱਚ ਘੁਸਪੈਠ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ, ਇਸ ਸਬੰਧੀ ਜਾਣਕਾਰੀ ਪਿਛਲੇ ਹਫ਼ਤੇ ਉਸ ਸਮੇਂ ਮਿਲੀ, ਜਦੋਂ ਇੱਕ ਮਹਿਲਾ ਖੁਫੀਆ ਏਜੰਟ ਵੱਲੋਂ DRDO ਦੀ ਵਿਗਿਆਨੀ ਬਣ ਕੇ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਹੋਣ ਅਤੇ ਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਬਣਾਉਣ ਦਾ ਖੁਲਾਸਾ ਹੋਇਆ।
ਸੂਤਰਾਂ ਅਨੁਸਾਰ, ‘ਸੋਨੀਆ’ ਨਾਮ ਦੀ ਇੱਕ ਮਹਿਲਾ ਨੇ ‘ਆਲ ਇੰਡੀਆ ਡਿਫੈਂਸ ਸਿਵਲੀਅਨ ਮਿਊਚਲ ਟ੍ਰਾਂਸਫਰ ਪੋਸਟਿੰਗ’ ਨਾਮਕ ਵਟਸਐਪ ਗਰੁੱਪ ਵਿੱਚ ਖੁਦ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੀ ਵਿਗਿਆਨੀ ਦੱਸ ਕੇ ਸ਼ਾਮਲ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਉਸ ਨੇ ਗਰੁੱਪ ਵਿੱਚ ਮੌਜੂਦ ਇੱਕ ਸਿਵਲੀਅਨ ਕਰਮਚਾਰੀ ਨਾਲ ਲਗਾਤਾਰ ਗੱਲਬਾਤ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਦੋਸ਼ ਹੈ ਕਿ ਕਰਮਚਾਰੀ ਨੇ ਪੈਸਿਆਂ ਦੇ ਬਦਲੇ ਉਸ ਮਹਿਲਾ ਏਜੰਟ ਨੂੰ ਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਈ।
‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ, ਇਸ ਮਾਮਲੇ ਦੀ ਜਾਂਚ ਦੌਰਾਨ ਫੌਜ ਅਤੇ ਨੀਮ ਫੌਜੀ ਬਲਾਂ ਨਾਲ ਸਬੰਧਤ 13 ਵਟਸਐਪ ਗਰੁੱਪਾਂ ਵਿੱਚ ਪਾਕਿਸਤਾਨੀ ਖੁਫੀਆ ਏਜੰਟਾਂ ਦੀ ਪਹੁੰਚ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।