ਲੰਡਨ ‘ਚ 15 ਸਾਲਾ ਸਿੱਖ ਬੱਚੇ ‘ਤੇ ਹਮਲਾ: ਜ਼ਖ਼ਮੀ ਹਾਲਤ ‘ਚ ਮਿਲਿਆ
ਨਵੀਂ ਦਿੱਲੀ: ਪੂਰਬੀ ਲੰਡਨ ਦੇ ਇਲਫੋਰਡ ਸਥਿਤ ਗੁੱਡਮੇਜ਼ ਇਲਾਕੇ ਵਿੱਚ 15 ਸਾਲਾ ਸਿੱਖ ਬੱਚੇ ਦੇ ਜ਼ਖ਼ਮੀ ਹਾਲਤ ਵਿੱਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਪਛਾਣ ਗੁਰਜੋਤ ਸਿੰਘ ਵਜੋਂ ਹੋਈ ਹੈ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਬੱਚੇ ਦੇ ਸਰੀਰ, ਖ਼ਾਸ ਕਰਕੇ ਚਿਹਰੇ ਅਤੇ ਮੂੰਹ ‘ਤੇ ਸੱਟਾਂ ਦੇ ਨਿਸ਼ਾਨ ਹਨ।
ਜਾਣਕਾਰੀ ਅਨੁਸਾਰ ਗੁਰਜੋਤ ਨੇ ਘਟਨਾ ਤੋਂ ਪਹਿਲਾਂ ਈ.ਐੱਲ-3 ਬੱਸ ਵਿੱਚ ਸਫ਼ਰ ਕੀਤਾ ਸੀ। ਇਸ ਤੋਂ ਬਾਅਦ ਉਹ ਗੁੱਡਮੇਜ਼ ਇਲਾਕੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਹਾਲਾਂਕਿ ਉਸ ਨਾਲ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਅਤੇ ਉਸ ਨੂੰ ਸੱਟਾਂ ਕਿਵੇਂ ਲੱਗੀਆਂ, ਇਸ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ।
ਮਾਮਲੇ ਦੀ ਸੱਚਾਈ ਜਾਣਨ ਲਈ ਸੋਸ਼ਲ ਮੀਡੀਆ ਰਾਹੀਂ ਸਥਾਨਕ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਘਟਨਾ ਨਾਲ ਸਬੰਧਤ ਸਮੇਂ ਦੀ CCTV ਫੁਟੇਜ ਜਾਂ ਕੋਈ ਹੋਰ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ। ਖ਼ਾਸ ਤੌਰ ‘ਤੇ ਈ.ਐੱਲ-3 ਬੱਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਅਤੇ ਗੁੱਡਮੇਜ਼ ਇਲਾਕੇ ਵਿੱਚ ਮੌਜੂਦ ਲੋਕਾਂ ਤੋਂ ਮਦਦ ਦੀ ਉਮੀਦ ਕੀਤੀ ਜਾ ਰਹੀ ਹੈ।