ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਨਵੀਂ ਦਿੱਲੀ: ਕੈਨੇਡਾ ਦੇ ਪੀਲ ਖੇਤਰ ਵਿੱਚ ਰੁਜ਼ਗਾਰ ਏਜੰਸੀਆਂ ਨੂੰ ਨਿਸ਼ਾਨਾ ਬਣਾ ਕੇ ਲੁੱਟਾਂ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੀਲ ਰੀਜਨਲ ਪੁਲੀਸ ਨੇ ‘ਪ੍ਰੋਜੈਕਟ ਸੇਗਾ’ ਤਹਿਤ ਜਾਂਚ ਤੋਂ ਬਾਅਦ ਬਰੈਂਪਟਨ ਵਾਸੀ 31 ਸਾਲਾ ਸਤਨਾਮ ਢਿੱਲੋਂ ਅਤੇ 21 ਸਾਲਾ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ’ਤੇ ਮਿਸੀਸਾਗਾ ਅਤੇ ਬਰੈਂਪਟਨ ਵਿੱਚ ਕਈ ਹਥਿਆਰਬੰਦ ਲੁੱਟਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਪੁਲੀਸ ਜਾਂਚ ਅਨੁਸਾਰ ਅਪਰੈਲ ਤੋਂ ਅਗਸਤ ਦਰਮਿਆਨ ਮੁਲਜ਼ਮਾਂ ਨੇ ਵੱਖ-ਵੱਖ ਰੁਜ਼ਗਾਰ ਏਜੰਸੀਆਂ ਵਿੱਚ ਦਾਖ਼ਲ ਹੋ ਕੇ ਉੱਥੇ ਮੌਜੂਦ ਮੁਲਾਜ਼ਮਾਂ ਨੂੰ ਬੰਦੂਕਾਂ ਅਤੇ ਚਾਕੂਆਂ ਨਾਲ ਡਰਾ ਕੇ ਲੁੱਟ-ਖੋਹ ਕੀਤੀ। ਪਛਾਣ ਲੁਕਾਉਣ ਲਈ ਉਹ ਚਿਹਰੇ ਢੱਕ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਨਕਦੀ, ਗਿਫ਼ਟ ਕਾਰਡ ਅਤੇ ਇਲੈਕਟ੍ਰਾਨਿਕ ਸਾਮਾਨ ਲੁੱਟਿਆ
ਪੁਲੀਸ ਮੁਤਾਬਕ ਗਿਰੋਹ ਨੇ ਵਾਰਦਾਤਾਂ ਦੌਰਾਨ ਨਕਦੀ, ਗਿਫ਼ਟ ਕਾਰਡ, ਇਲੈਕਟ੍ਰਾਨਿਕ ਉਪਕਰਨ ਅਤੇ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ। ਇਨ੍ਹਾਂ ਘਟਨਾਵਾਂ ਵਿੱਚ ਕੁੱਲ 53 ਹਜ਼ਾਰ ਕੈਨੇਡੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਕਾਰਵਾਈ ਦੌਰਾਨ ਪੁਲੀਸ ਨੇ ਕਰੀਬ 30 ਹਜ਼ਾਰ ਡਾਲਰ ਦੀ ਇੱਕ ਚੋਰੀ ਕੀਤੀ ਗੱਡੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਦੋ ਨਕਲੀ ਬੰਦੂਕਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਦੋਵਾਂ ਖ਼ਿਲਾਫ਼ ਕਈ ਮਾਮਲਿਆਂ ਵਿੱਚ ਦੋਸ਼ ਤੈਅ
ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਤਨਾਮ ਢਿੱਲੋਂ ’ਤੇ ਲੁੱਟ-ਖੋਹ ਦੇ ਚਾਰ ਅਤੇ ਭੇਸ ਬਦਲ ਕੇ ਜੁਰਮ ਕਰਨ ਦੇ ਤਿੰਨ ਦੋਸ਼ਾਂ ਸਮੇਤ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ, ਰਾਜਦੀਪ ਸਿੰਘ ਖ਼ਿਲਾਫ਼ ਲੁੱਟ-ਖੋਹ ਦੇ ਚਾਰ ਅਤੇ ਭੇਸ ਬਦਲ ਕੇ ਵਾਰਦਾਤਾਂ ਕਰਨ ਦੇ ਚਾਰ ਦੋਸ਼ ਦਰਜ ਕੀਤੇ ਗਏ ਹਨ। ਦੋਵੇਂ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਸਬੰਧੀ ਸੁਣਵਾਈ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਹੋਵੇਗੀ।
ਵਪਾਰਕ ਅਦਾਰਿਆਂ ਵਿੱਚ ਲੁੱਟਾਂ 52 ਫ਼ੀਸਦੀ ਘਟਣ ਦਾ ਦਾਅਵਾ
ਪੀਲ ਰੀਜਨਲ ਪੁਲੀਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਕਿਹਾ ਕਿ ਹਰ ਵਿਅਕਤੀ ਨੂੰ ਬਿਨਾਂ ਕਿਸੇ ਡਰ ਜਾਂ ਹਿੰਸਾ ਦੇ ਆਪਣੇ ਕੰਮ ਵਾਲੀ ਥਾਂ ’ਤੇ ਕੰਮ ਕਰਨ ਦਾ ਹੱਕ ਹੈ। ਉਨ੍ਹਾਂ ਦੱਸਿਆ ਕਿ ‘ਪ੍ਰੋਜੈਕਟ ਸੇਗਾ’ ਤਹਿਤ ਕੀਤੀਆਂ ਕਾਰਵਾਈਆਂ ਤੋਂ ਬਾਅਦ ਇਲਾਕੇ ਵਿੱਚ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਲੁੱਟਾਂ ਦੀਆਂ ਘਟਨਾਵਾਂ ਵਿੱਚ 2025 ਦੇ ਮੁਕਾਬਲੇ ਲਗਭਗ 52 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਇਸ ਮੁਹਿੰਮ ਵਿੱਚ ਪੀਲ ਪੁਲੀਸ ਦੇ ਨਾਲ ਹਾਲਟਨ ਪੁਲੀਸ, ਬਰੈਂਪਟਨ ਅਤੇ ਮਿਸੀਸਾਗਾ ਦੇ ਪ੍ਰਸ਼ਾਸਨ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਵੀ ਸਹਿਯੋਗ ਦਿੱਤਾ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਜਾਂ ਹੋਰ ਸੰਭਾਵਿਤ ਵਾਰਦਾਤਾਂ ਬਾਰੇ ਜਾਣਕਾਰੀ ਹੈ ਤਾਂ ਉਹ ਸੈਂਟਰਲ ਰੌਬਰੀ ਬਿਊਰੋ ਨਾਲ ਸੰਪਰਕ ਕਰਨ।