Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ

ਮੋਹਾਲੀ: ਮੋਹਾਲੀ ਦੇ ਖਰੜ ਵਿੱਚ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਉੱਤਰ ਪ੍ਰਦੇਸ਼ ਨੰਬਰ ਵਾਲੀਆਂ ਗੱਡੀਆਂ ਵਿੱਚ ਪਹੁੰਚੀਆਂ ਜਾਂਚ ਟੀਮਾਂ ਵੱਲੋਂ ਦੋਵਾਂ ਥਾਵਾਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਸੀਆਰਪੀਐੱਫ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ-ਦਫ਼ਤਰ ’ਤੇ ED ਦੀ ਛਾਪੇਮਾਰੀ
  • ਖਰੜ ’ਚ UP ਨੰਬਰ ਦੀਆਂ ਗੱਡੀਆਂ ’ਚ ਪਹੁੰਚੀਆਂ ਟੀਮਾਂ ਨੇ ਕੀਤੀ ਜਾਂਚ
  • ਸੁਖਬੀਰ ਬਾਦਲ ਦੇ ਕਰੀਬੀ ਮੰਨੇ ਜਾਂਦੇ ਨੇ ਖੇੜਾ

ਮੋਹਾਲੀ: ਮੋਹਾਲੀ ਦੇ ਖਰੜ ਵਿੱਚ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਉੱਤਰ ਪ੍ਰਦੇਸ਼ ਨੰਬਰ ਵਾਲੀਆਂ ਗੱਡੀਆਂ ਵਿੱਚ ਪਹੁੰਚੀਆਂ ਜਾਂਚ ਟੀਮਾਂ ਵੱਲੋਂ ਦੋਵਾਂ ਥਾਵਾਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਸੀਆਰਪੀਐੱਫ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਰਹੇ।

ਰਵਿੰਦਰ ਸਿੰਘ ਖੇੜਾ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੇ ਉਨ੍ਹਾਂ ਨੂੰ ਖਰੜ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਹੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਚਰਚਾ ਦੌਰਾਨ ਖੁਸ਼ੀ ਵਿੱਚ ਲੱਡੂ ਵੰਡਣ ਵਾਲਿਆਂ ਵਿੱਚ ਖੇੜਾ ਵੀ ਮੋਹਰੀ ਸਨ। ਮੁੱਢਲੀ ਜਾਣਕਾਰੀ ਅਨੁਸਾਰ ED ਵੱਲੋਂ ਸੀਬੀਆਈ ਦੀ ਜਾਂਚ ਅਧੀਨ ਚੱਲ ਰਹੇ ਇੱਕ ਸ਼ੈਲਰ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ, ਛਾਪੇਮਾਰੀ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਸ ਮਾਮਲੇ ਵਿੱਚ ਰਵਿੰਦਰ ਸਿੰਘ ਖੇੜਾ ਪਹਿਲਾਂ ਗ੍ਰਿਫ਼ਤਾਰ ਵੀ ਹੋ ਚੁੱਕੇ ਹਨ।

ਖੇੜਾ ਬੋਲੇ- ਸਭ ਕੁਝ ਚੜ੍ਹਦੀ ਕਲਾ ’ਚ, ਕਾਨੂੰਨ ਸਭ ਲਈ ਬਰਾਬਰ
ਛਾਪੇਮਾਰੀ ਬਾਰੇ ਗੱਲ ਕਰਦਿਆਂ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਸਭ ਕੁਝ ਠੀਕ ਹੈ ਅਤੇ ਚੜ੍ਹਦੀ ਕਲਾ ਵਿੱਚ ਹੈ। ਉਨ੍ਹਾਂ ਮੁਤਾਬਕ ਪਹਿਲਾਂ ਵੀ ਅਜਿਹੀਆਂ ਜਾਂਚਾਂ ਹੁੰਦੀਆਂ ਰਹੀਆਂ ਹਨ ਅਤੇ ਇਸ ਵਿੱਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਭਾਵੇਂ ਕੋਈ ਸੱਤਾਧਾਰੀ ਪਾਰਟੀ ਨਾਲ ਸਬੰਧਤ ਹੋਵੇ ਜਾਂ ਵਿਰੋਧੀ ਧਿਰ ਨਾਲ।

ਖੇੜਾ ਨੇ ਦੱਸਿਆ ਕਿ ਜਾਂਚ ਟੀਮਾਂ ਨੇ ਘਰੋਂ ਕੋਈ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਨਹੀਂ ਲਿਆ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਮਲਾ ਜਾਂਚ ਅਧੀਨ ਹੋਣ ਕਾਰਨ ਉਹ ਇਸ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕਰ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨਾਲ ਗਠਜੋੜ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਕਾਨੂੰਨ ਤੋਂ ਉੱਪਰ ਹੋ ਜਾਂਦਾ ਹੈ। ਇਸ ਕਾਰਵਾਈ ਨੂੰ ਟਿਕਟਾਂ ਦੀ ਵੰਡ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੈ।

ਕੀ ਹੈ ਖੇੜਾ ਨਾਲ ਜੁੜਿਆ ਸੀਬੀਆਈ ਮਾਮਲਾ ?
ਰਵਿੰਦਰ ਸਿੰਘ ਖੇੜਾ ਦਾ ਨਾਮ ਜਨਵਰੀ 2023 ਵਿੱਚ ਭਾਰਤੀ ਖੁਰਾਕ ਨਿਗਮ (FCI) ਦੇ ਅਧਿਕਾਰੀਆਂ ਅਤੇ ਨਿੱਜੀ ਚੌਲ ਮਿੱਲ ਮਾਲਕਾਂ ਨਾਲ ਜੁੜੇ ਕਥਿਤ ਰਿਸ਼ਵਤਖੋਰੀ ਨੈੱਟਵਰਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ। ਸੀਬੀਆਈ ਦੀ FIR ਵਿੱਚ ਉਨ੍ਹਾਂ ਨੂੰ ਗੁਰੂ ਕ੍ਰਿਪਾ ਰਾਈਸ ਐਂਡ ਐਗਰੋ ਇੰਡਸਟਰੀਜ਼ ਨਾਲ ਜੁੜਿਆ ਦੱਸਿਆ ਗਿਆ ਸੀ।

FIR ਮੁਤਾਬਕ, ਖੇੜਾ ’ਤੇ ਸੇਵਾਮੁਕਤ FCI AGM ਮੇਹਰ ਸਿੰਘ ਨਾਲ ਮਿਲ ਕੇ ਉਸ ਸਮੇਂ ਦੇ FCI ਕਾਰਜਕਾਰੀ ਨਿਰਦੇਸ਼ਕ ਸੁਦੀਪ ਸਿੰਘ ਨੂੰ 10 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੇਣ ਦਾ ਦੋਸ਼ ਲੱਗਾ ਸੀ। ਇਸ ਤੋਂ ਇਲਾਵਾ 19 ਅਕਤੂਬਰ 2022 ਨੂੰ ਦਿੱਲੀ ਸਥਿਤ ਸੁਦੀਪ ਸਿੰਘ ਦੇ ਘਰ ਉਨ੍ਹਾਂ ਨੂੰ ਲਗਭਗ 49,800 ਰੁਪਏ ਦੀ ਐਪਲ ਵਾਚ ਦੇਣ ਦਾ ਦੋਸ਼ ਵੀ ਲਾਇਆ ਗਿਆ ਸੀ।

ਸੀਬੀਆਈ ਅਨੁਸਾਰ, ਇਹ ਕਥਿਤ ਨੈੱਟਵਰਕ ਚੌਲ ਮਿੱਲ ਮਾਲਕਾਂ ਨੂੰ FCI ਨਾਲ ਸਬੰਧਤ ਕੰਮਾਂ ਵਿੱਚ ਗ਼ਲਤ ਲਾਭ ਪਹੁੰਚਾਉਣ ਲਈ ਸਰਗਰਮ ਸੀ। ਇਸ ਮਾਮਲੇ ਵਿੱਚ ਜਨਵਰੀ 2023 ਦੌਰਾਨ ਖੇੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ FCI ਦੇ DGM ਰਾਜੀਵ ਕੁਮਾਰ ਮਿਸ਼ਰਾ ਨੂੰ ਵੀ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਰਚ 2023 ਵਿੱਚ ਸੀਬੀਆਈ ਨੇ ਰਵਿੰਦਰ ਸਿੰਘ ਖੇੜਾ ਅਤੇ ਦੋ FCI ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਜਨਵਰੀ 2024 ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਨਾਲ ਸਬੰਧਤ ਮਾਮਲੇ ਵਿੱਚ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਖੇੜਾ ਦੀ ਜ਼ਮਾਨਤ ਅਰਜ਼ੀ 30 ਮਾਰਚ 2023 ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ, ਜਿੱਥੋਂ 1 ਮਈ 2023 ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

ਸੁਖਬੀਰ ਬਾਦਲ ਦੇ ਕਰੀਬੀ ਕਿਉਂ ਮੰਨੇ ਜਾਂਦੇ ਹਨ ਖੇੜਾ ?
ਖਰੜ ਹਲਕੇ ਵਿੱਚ ਰਵਿੰਦਰ ਸਿੰਘ ਖੇੜਾ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨੇੜਤਾ ਕਈ ਸਿਆਸੀ ਸਰਗਰਮੀਆਂ ਦੌਰਾਨ ਸਾਹਮਣੇ ਆਈ ਹੈ। ਨਵੰਬਰ 2026 ਦੇ ਮੱਧ ਵਿੱਚ ਖੇੜਾ ਅਤੇ ਅਕਾਲੀ ਆਗੂ ਐਨ.ਕੇ. ਸ਼ਰਮਾ ਨੇ ਸੁਖਬੀਰ ਬਾਦਲ ਨਾਲ ਖਰੜ ਵਿੱਚ ਵਪਾਰੀਆਂ, ਉਦਯੋਗਪਤੀਆਂ, ਕਮਿਸ਼ਨ ਏਜੰਟਾਂ ਅਤੇ ਛੋਟੇ ਕਾਰੋਬਾਰੀਆਂ ਦੀ ਮੀਟਿੰਗ ਕਰਵਾਈ ਸੀ। ਇਸ ਦੌਰਾਨ ਸੁਖਬੀਰ ਬਾਦਲ ਨੇ ਖਰੜ ਤੋਂ ਵਿਧਾਨ ਸਭਾ ਉਮੀਦਵਾਰ ਵਜੋਂ ਖੇੜਾ ਦੇ ਹੱਕ ਵਿੱਚ ਸਮਰਥਨ ਦੀ ਅਪੀਲ ਵੀ ਕੀਤੀ ਸੀ।

10 ਸਤੰਬਰ 2026 ਨੂੰ ਸੁਖਬੀਰ ਬਾਦਲ ਨੇ ਨਿਊ ਚੰਡੀਗੜ੍ਹ ਦੇ ਪਿੰਡ ਪਲਹੇੜੀ ਵਿੱਚ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕੀਤਾ ਸੀ। ਇਸ ਰੈਲੀ ਦਾ ਪ੍ਰਬੰਧ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਸ ਤੋਂ ਇਲਾਵਾ 18 ਨਵੰਬਰ 2026 ਨੂੰ ਵੀ ਸੁਖਬੀਰ ਬਾਦਲ ਖਰੜ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਐਨ.ਕੇ. ਸ਼ਰਮਾ ਅਤੇ ਰਵਿੰਦਰ ਸਿੰਘ ਖੇੜਾ ਨਾਲ ਸਥਾਨਕ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਸੀ।

Read Latest News and Breaking News at Daily Post TV, Browse for more News

Ad
Ad

Punjab District News