ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ
- ਟੈਂਕਰ ਪਲਟਣ ਤੋਂ ਬਾਅਦ ਹੋਇਆ ਧਮਾਕਾ
- ਦੋ ਦਰਜਨ ਤੋਂ ਵੱਧ ਕਾਰਾਂ ਤੇ ਮੋਟਰਸਾਈਕਲਾਂ ਸੜੀਆਂ
- 39 ਐਂਬੂਲੈਂਸਾਂ ਰਾਹੀਂ ਕੀਤੇ ਬਚਾਅ ਕਾਰਜ
ਨਵੀਂ ਦਿੱਲੀ: ਮਿਸਰ ਦੀ ਰਾਜਧਾਨੀ ਕਾਹਿਰਾ ਨੇੜੇ ਬੁੱਧਵਾਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਤੇਲ ਨਾਲ ਭਰਿਆ ਟੈਂਕਰ ਹਾਈਵੇਅ ’ਤੇ ਬੇਕਾਬੂ ਹੋ ਕੇ ਪਲਟ ਗਿਆ, ਜਿਸ ਤੋਂ ਬਾਅਦ ਅੱਗ ਲੱਗਣ ਅਤੇ ਧਮਾਕੇ ਕਾਰਨ ਭਾਰੀ ਤਬਾਹੀ ਹੋਈ। ਹਾਦਸੇ ਵਿੱਚ 31 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਸੜਕ ’ਤੇ ਮੌਜੂਦ ਦੋ ਦਰਜਨ ਤੋਂ ਵੱਧ ਕਾਰਾਂ ਅਤੇ ਮੋਟਰਸਾਈਕਲਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ। ਕਈ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਵੀ ਰਾਹਤ ਕਾਰਜਾਂ ਵਿੱਚ ਮਦਦ ਕੀਤੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਟੈਂਕਰ ਪਲਟਣ ਮਗਰੋਂ ਅੱਗ ਨੇ ਕਈ ਵਾਹਨਾਂ ਨੂੰ ਲਿਆ ਘੇਰੇ ’ਚ
ਮੀਡੀਆ ਰਿਪੋਰਟਾਂ ਮੁਤਾਬਕ, ਤੇਲ ਨਾਲ ਭਰਿਆ ਟਰੱਕ ਹਾਈਵੇਅ ’ਤੇ ਅਚਾਨਕ ਬੇਕਾਬੂ ਹੋ ਗਿਆ ਅਤੇ ਪਲਟਣ ਤੋਂ ਬਾਅਦ ਧਮਾਕਾ ਹੋਇਆ। ਇਸ ਨਾਲ ਸੜਕ ’ਤੇ ਖੜ੍ਹੇ ਅਤੇ ਲੰਘ ਰਹੇ ਵਾਹਨਾਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਜਲਦਬਾਜ਼ੀ ਵਿੱਚ ਲੋਕਾਂ ਨੂੰ ਸੜਦੇ ਵਾਹਨਾਂ ਵਿੱਚੋਂ ਬਾਹਰ ਕੱਢਿਆ ਗਿਆ।
ਇਮਬਾਬਾ ਦੇ ਵਾਰਾਕ ਇਲਾਕੇ ’ਚ ਵਾਪਰਿਆ ਹਾਦਸਾ
ਇਹ ਹਾਦਸਾ ਕਾਹਿਰਾ ਦੇ ਉਪਨਗਰ ਇਮਬਾਬਾ ਦੇ ਵਾਰਾਕ ਜ਼ਿਲ੍ਹੇ ਵਿੱਚ ਵਾਪਰਿਆ। ਅੱਗ ਨੇ ਨੇੜੇ ਮੌਜੂਦ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਮਿਸਰ ਦੇ ਸਿਹਤ ਮੰਤਰਾਲੇ ਮੁਤਾਬਕ, ਬਚਾਅ ਕਾਰਜਾਂ ਲਈ 39 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ। ਜ਼ਖ਼ਮੀਆਂ ਨੂੰ ਜ਼ਾਇਦ ਸਪੈਸ਼ਲਾਈਜ਼ਡ, ਇਮਬਾਬਾ ਜਨਰਲ ਅਤੇ ਵਾਰਾਕ ਸੈਂਟਰਲ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਰਾਸ਼ਟਰਪਤੀ ਨੇ ਜਤਾਇਆ ਦੁੱਖ
ਮਿਸਰ ਦੇ ਰਾਸ਼ਟਰਪਤੀ ਅਬਦੇਲ-ਫਤਾਹ ਅਲ-ਸੀਸੀ ਨੇ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।