ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਪੁੱਤਰਾਂ ਨਾਲ ਜੁੜੇ ਕੁੱਟਮਾਰ ਮਾਮਲੇ ਦੀ ਜਾਂਚ CBI ਹਵਾਲੇ
- ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ
- FIR ਵਿੱਚੋਂ BNS ਦੀ ਧਾਰਾ 118(1) ਹਟਾਉਣ ’ਤੇ ਵੀ ਅਦਾਲਤ ਨੇ ਜਤਾਈ ਗੰਭੀਰ ਚਿੰਤਾ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਦੇ ਪੁੱਤਰਾਂ ’ਤੇ ਲੱਗੇ ਕੁੱਟਮਾਰ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸ਼ੁਭਮ ਅਤੇ ਉਸ ਦੇ ਭਰਾ ਸੰਜੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।
ਇਹ ਮਾਮਲਾ 2 ਜੁਲਾਈ 2026 ਨੂੰ ਚੰਡੀਗੜ੍ਹ ਦੇ ਸੈਕਟਰ-46 ਸਥਿਤ ਇਕ ਜਿਮ ਵਿੱਚ ਹੋਈ ਕੁੱਟਮਾਰ ਨਾਲ ਸਬੰਧਤ ਹੈ। ਦੋਸ਼ ਹਨ ਕਿ ਹਿਤੇਸ਼ ਅਤੇ ਨਿਖਿਲ ਨੇ ਸ਼ੁਭਮ ਤੇ ਉਸ ਦੇ ਭਰਾ ਸੰਜੇ ’ਤੇ ਹਮਲਾ ਕੀਤਾ ਸੀ। ਹਮਲੇ ਦੌਰਾਨ ਪੱਥਰ ਦੀ ਟਾਈਲ ਨਾਲ ਸ਼ੁਭਮ ਦੇ ਸਿਰ ਅਤੇ ਮੱਥੇ ’ਤੇ ਸੱਟਾਂ ਮਾਰਨ ਦੇ ਵੀ ਦੋਸ਼ ਲਗਾਏ ਗਏ ਹਨ। ਦੋਵੇਂ ਮੁਲਜ਼ਮ ਚੰਡੀਗੜ੍ਹ ਪੁਲਿਸ ਵਿੱਚ ਤਾਇਨਾਤ ਮੁਲਾਜ਼ਮਾਂ ਦੇ ਪੁੱਤਰ ਦੱਸੇ ਗਏ ਹਨ।
ਮਾਮਲੇ ਦੇ ਪਟੀਸ਼ਨਕਰਤਾ ਨੇ ਪੁਲਿਸ ਜਾਂਚ ਵਿੱਚ ਪੱਖਪਾਤ ਹੋਣ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਜਾਂਚ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਸਨ। ਸੁਣਵਾਈ ਦੌਰਾਨ ਹਾਈਕੋਰਟ ਨੇ ਜਾਂਚ ਦੌਰਾਨ FIR ਵਿੱਚੋਂ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 118(1) ਹਟਾਏ ਜਾਣ ’ਤੇ ਵੀ ਗੰਭੀਰ ਚਿੰਤਾ ਪ੍ਰਗਟਾਈ।
ਜਸਟਿਸ ਜਸਜੀਤ ਸਿੰਘ ਬੇਦੀ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਨਿਰਪੱਖ ਜਾਂਚ ਨੂੰ ਲੈ ਕੇ ਖ਼ਦਸ਼ੇ ਪੈਦਾ ਹੁੰਦੇ ਹਨ। ਇਸ ਨੂੰ ਦੇਖਦਿਆਂ ਅਦਾਲਤ ਨੇ 8 ਜੁਲਾਈ 2026 ਨੂੰ ਦਰਜ FIR ਨੰਬਰ 92 ਦੀ ਜਾਂਚ CBI ਨੂੰ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ।
ਹਾਈਕੋਰਟ ਨੇ CBI ਨੂੰ ਮਾਮਲੇ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਆਪਣੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।