ਅਮਿਤ ਸ਼ਾਹ ਨੂੰ ਮਿਲੇ ਰਣਬੀਰ ਕਪੂਰ ਤੇ ਸਾਈ ਪੱਲਵੀ, ਗ੍ਰਹਿ ਮੰਤਰੀ ਨੇ ‘ਰਾਮਾਇਣ’ ਦੀ ਟੀਮ ਨੂੰ ਫਿਲਮ ਦੀ ਸਫਲਤਾ ‘ਤੇ ਦਿੱਤੀ ਵਧਾਈ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਫਿਲਮ ‘ਰਾਮਾਇਣ’ ਦੀ ਟੀਮ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਦੀ ਵਿਸ਼ਵ ਪੱਧਰ ’ਤੇ ਮਿਲੀ ਸਫਲਤਾ ਲਈ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਿਰਮਾਤਾ ਨਮਿਤ ਮਲਹੋਤਰਾ, ਨਿਰਦੇਸ਼ਕ ਨਿਤੇਸ਼ ਤਿਵਾੜੀ, ਅਦਾਕਾਰ ਰਣਬੀਰ ਕਪੂਰ, ਅਦਾਕਾਰਾ ਸਾਈ ਪੱਲਵੀ ਅਤੇ ਸਹਿ-ਨਿਰਮਾਤਾ ਨੀਰਜ ਸੰਘਈ ਮੌਜੂਦ ਸਨ। ਮੁਲਾਕਾਤ ਤੋਂ ਬਾਅਦ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਫਰਜ਼, ਤਿਆਗ ਅਤੇ ਸੱਚਾਈ ਦੇ ਆਦਰਸ਼ਾਂ ਨੂੰ ਆਧੁਨਿਕ ਫਿਲਮ ਤਕਨੀਕ ਰਾਹੀਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਸ਼ਲਾਘਾਯੋਗ ਹੈ। ਉਨ੍ਹਾਂ ਨੇ ਪੂਰੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਇਸ ਮੁਲਾਕਾਤ ਦੌਰਾਨ ਰਾਮਾਇਣ ਦੇ ਇਤਿਹਾਸ ਅਤੇ ਇਸ ਦੀ ਸੱਭਿਆਚਾਰਕ ਮਹੱਤਤਾ ਬਾਰੇ ਵੀ ਚਰਚਾ ਹੋਈ। ਫਿਲਮ ਦੀ ਟੀਮ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ‘ਦਿ ਵਰਲਡ ਆਫ ਰਾਮਾਇਣ’ ਵੱਲੋਂ ਵੀ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਗਿਆ।
ਬੰਗਲਾ ਸਾਹਿਬ ਗੁਰਦੁਆਰੇ ਵੀ ਨਤਮਸਤਕ ਹੋਏ ਸਨ ਕਲਾਕਾਰ
ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਇਕ ਦਿਨ ਪਹਿਲਾਂ ਰਣਬੀਰ ਕਪੂਰ, ਨਿਰਦੇਸ਼ਕ ਨਿਤੇਸ਼ ਤਿਵਾੜੀ ਅਤੇ ਨਿਰਮਾਤਾ ਨਮਿਤ ਮਲਹੋਤਰਾ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਸਨ। ਉਨ੍ਹਾਂ ਨੇ ਫਿਲਮ ਦੀ ਸਫਲਤਾ ਲਈ ਅਰਦਾਸ ਵੀ ਕੀਤੀ। ਇਸ ਮੌਕੇ ਰਣਬੀਰ ਹਲਕੇ ਨੀਲੇ ਰੰਗ ਦੇ ਕੁੜਤੇ, ਭੂਰੀ ਵਾਸਕਟ ਅਤੇ ਕੇਸਰੀ ਦਸਤਾਰ ਵਿੱਚ ਨਜ਼ਰ ਆਏ।
ਆਸਕਰ 2027 ਦੀ ਦੌੜ ਵਿੱਚ ‘ਰਾਮਾਇਣ’
ਫਿਲਮ ‘ਰਾਮਾਇਣ’ ਨੇ ਆਸਕਰ 2027 ਦੇ ਬੈਸਟ ਵਿਜ਼ੂਅਲ ਇਫੈਕਟਸ ਵਰਗ ਦੀਆਂ ਸੰਭਾਵੀ 20 ਫਿਲਮਾਂ ਵਿੱਚ ਜਗ੍ਹਾ ਬਣਾਈ ਹੈ। ਰਿਪੋਰਟਾਂ ਮੁਤਾਬਕ, 99ਵੇਂ ਅਕੈਡਮੀ ਐਵਾਰਡਜ਼ ਦੀ ਵਿਜ਼ੂਅਲ ਇਫੈਕਟਸ ਬ੍ਰਾਂਚ ਵੱਲੋਂ ਇਹ ਸੂਚੀ ਤਿਆਰ ਕੀਤੀ ਗਈ ਹੈ, ਹਾਲਾਂਕਿ ਅਧਿਕਾਰਤ ਐਲਾਨ ਅਜੇ ਨਹੀਂ ਹੋਇਆ। ਇਸ ਵਰਗ ਵਿੱਚ ਫਿਲਮ ਦਾ ਮੁਕਾਬਲਾ ‘ਅਵੈਂਜਰਜ਼: ਡੂਮਸਡੇ’, ‘ਓਡੀਸੀ’ ਅਤੇ ‘ਡਿਊਨ 3’ ਵਰਗੀਆਂ ਫਿਲਮਾਂ ਨਾਲ ਹੋ ਸਕਦਾ ਹੈ। ‘ਰਾਮਾਇਣ’ ਦੇ ਵਿਜ਼ੂਅਲ ਇਫੈਕਟਸ ਦਾ ਕੰਮ DNEG ਅਤੇ ਯਸ਼ ਦੀ ਕੰਪਨੀ ਮੌਨਸਟਰ ਮਾਈਂਡ ਕ੍ਰੀਏਸ਼ਨਜ਼ ਨੇ ਕੀਤਾ ਹੈ। DNEG ਇਸ ਤੋਂ ਪਹਿਲਾਂ ‘ਡਿਊਨ’, ‘ਇੰਟਰਸਟੈਲਰ’ ਅਤੇ ‘ਇਨਸੈਪਸ਼ਨ’ ਵਰਗੀਆਂ ਫਿਲਮਾਂ ਲਈ ਵੀ ਕੰਮ ਕਰ ਚੁੱਕੀ ਹੈ।
21 ਦਿਨਾਂ ਵਿੱਚ 1,755 ਕਰੋੜ ਰੁਪਏ ਤੋਂ ਵੱਧ ਦੀ ਕਮਾਈ
ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ‘ਰਾਮਾਇਣ: ਪਾਰਟ-1’ ਦੋ ਭਾਗਾਂ ਵਿੱਚ ਤਿਆਰ ਕੀਤੇ ਜਾ ਰਹੇ ਮਹਾਂਕਾਵਿ ਦਾ ਪਹਿਲਾ ਹਿੱਸਾ ਹੈ। ਵਪਾਰਕ ਰਿਪੋਰਟਾਂ ਅਨੁਸਾਰ, ਫਿਲਮ ਨੇ 21 ਦਿਨਾਂ ਵਿੱਚ ਭਾਰਤ ਵਿੱਚ 982.55 ਕਰੋੜ ਰੁਪਏ ਦੀ ਨੈੱਟ ਕਮਾਈ ਕੀਤੀ ਹੈ, ਜਦਕਿ ਭਾਰਤ ਵਿੱਚ ਇਸ ਦਾ ਗ੍ਰਾਸ ਕਲੈਕਸ਼ਨ ਲਗਭਗ 1,174 ਕਰੋੜ ਰੁਪਏ ਰਿਹਾ। ਦੁਨੀਆ ਭਰ ਵਿੱਚ ਫਿਲਮ ਦੀ ਕੁੱਲ ਗ੍ਰਾਸ ਕਮਾਈ 1,755.60 ਕਰੋੜ ਰੁਪਏ ਤੋਂ ਪਾਰ ਹੋ ਗਈ ਹੈ। ਇਸ ਪ੍ਰਦਰਸ਼ਨ ਨਾਲ ਇਹ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਵਿੱਚ ਸ਼ਾਮਲ ਹੋ ਗਈ ਹੈ।