WhatsApp ਲੈ ਕੇ ਆਇਆ ਨਵਾਂ ਫੀਚਰ: ਹੁਣ 14 ਦਿਨ ਪਹਿਲਾਂ ਤੱਕ ਸ਼ਡਿਊਲ ਕਰ ਸਕੋਗੇ ਮੈਸੇਜ
ਨਵੀਂ ਦਿੱਲੀ: WhatsApp ਯੂਜ਼ਰਜ਼ ਲਈ ਨਵੀਂ ਸਹੂਲਤ ਲਿਆ ਰਿਹਾ ਹੈ, ਜਿਸ ਰਾਹੀਂ ਹੁਣ ਮੈਸੇਜ ਭੇਜਣ ਦਾ ਸਮਾਂ ਪਹਿਲਾਂ ਹੀ ਤੈਅ ਕੀਤਾ ਜਾ ਸਕੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਆਪਣਾ ਮੈਸੇਜ ਲਿਖ ਕੇ ਇਹ ਨਿਰਧਾਰਤ ਕਰ ਸਕਣਗੇ ਕਿ ਉਹ ਕਿਸ ਦਿਨ ਅਤੇ ਕਿੰਨੇ ਵਜੇ ਆਪਣੇ ਆਪ ਭੇਜਿਆ ਜਾਵੇ। ਇਹ ਸਹੂਲਤ ਨਿੱਜੀ ਅਤੇ ਗਰੁੱਪ ਚੈਟ ਦੋਵਾਂ ਵਿੱਚ ਉਪਲਬਧ ਹੋਵੇਗੀ। ਨਵੇਂ ਫੀਚਰ ਰਾਹੀਂ 10 ਮਿੰਟ ਤੋਂ ਲੈ ਕੇ 14 ਦਿਨ ਤੱਕ ਅਗਾਊਂ ਮੈਸੇਜ ਸ਼ਡਿਊਲ ਕੀਤਾ ਜਾ ਸਕੇਗਾ। ਇਸ ਵਿੱਚ ਸਿਰਫ਼ ਟੈਕਸਟ ਹੀ ਨਹੀਂ, ਸਗੋਂ ਫੋਟੋਆਂ ਅਤੇ ਵੀਡੀਓ ਭੇਜਣ ਦਾ ਸਮਾਂ ਵੀ ਤੈਅ ਕੀਤਾ ਜਾ ਸਕੇਗਾ। ਕੰਪਨੀ ਵੱਲੋਂ ਇਹ ਸਹੂਲਤ ਫਿਲਹਾਲ ਸੀਮਤ ਗਿਣਤੀ ਦੇ ਯੂਜ਼ਰਜ਼ ਨੂੰ ਦਿੱਤੀ ਜਾ ਰਹੀ ਹੈ।
ਸੈਂਡ ਬਟਨ ਰਾਹੀਂ ਤੈਅ ਹੋਵੇਗਾ ਮੈਸੇਜ ਭੇਜਣ ਦਾ ਸਮਾਂ
ਇਸ ਫੀਚਰ ਦੀ ਵਰਤੋਂ ਕਰਦਿਆਂ ਯੂਜ਼ਰ ਮੈਸੇਜ ਤਿਆਰ ਕਰਨ ਤੋਂ ਬਾਅਦ ਸੈਂਡ ਬਟਨ ਰਾਹੀਂ ਉਸ ਨੂੰ ਸ਼ਡਿਊਲ ਕਰ ਸਕਣਗੇ। ਤੈਅ ਕੀਤੇ ਸਮੇਂ ’ਤੇ ਮੈਸੇਜ ਆਪਣੇ ਆਪ ਭੇਜਿਆ ਜਾਵੇਗਾ। ਭੇਜੇ ਜਾਣ ਤੋਂ ਪਹਿਲਾਂ ਯੂਜ਼ਰ ਕੋਲ ਸ਼ਡਿਊਲ ਕੀਤੇ ਮੈਸੇਜ ਨੂੰ ਡਿਲੀਟ ਕਰਨ ਦਾ ਵਿਕਲਪ ਵੀ ਹੋਵੇਗਾ।
ਇਸ ਸਹੂਲਤ ਦੀਆਂ ਮੁੱਖ ਵਿਸ਼ੇਸ਼ਤਾਵਾਂ:
14 ਦਿਨ ਪਹਿਲਾਂ ਤੱਕ ਮੈਸੇਜ ਸ਼ਡਿਊਲ ਕੀਤਾ ਜਾ ਸਕੇਗਾ।
ਨਿੱਜੀ ਅਤੇ ਗਰੁੱਪ ਚੈਟ ਦੋਵਾਂ ਵਿੱਚ ਵਰਤੋਂ ਕੀਤੀ ਜਾ ਸਕੇਗੀ।
ਟੈਕਸਟ, ਫੋਟੋ ਅਤੇ ਵੀਡੀਓ ਭੇਜਣ ਦਾ ਸਮਾਂ ਤੈਅ ਹੋਵੇਗਾ।
ਨਿਰਧਾਰਤ ਸਮੇਂ ’ਤੇ ਮੈਸੇਜ ਆਪਣੇ ਆਪ ਭੇਜਿਆ ਜਾਵੇਗਾ।
ਭੇਜਣ ਤੋਂ ਪਹਿਲਾਂ ਸ਼ਡਿਊਲ ਮੈਸੇਜ ਨੂੰ ਡਿਲੀਟ ਕੀਤਾ ਜਾ ਸਕੇਗਾ।
ਕੰਪਨੀ ਮੁਤਾਬਕ ਇਹ ਸਹੂਲਤ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਸੁਰੱਖਿਆ ਹੇਠ ਰਹੇਗੀ।
ਕਈ ਮੌਕਿਆਂ ’ਤੇ ਹੋਵੇਗੀ ਸਹੂਲਤਮੰਦ
ਇਸ ਫੀਚਰ ਨਾਲ ਯੂਜ਼ਰ ਰਾਤ ਨੂੰ ਹੀ ਅਗਲੀ ਸਵੇਰ ਭੇਜੇ ਜਾਣ ਵਾਲੇ ਮੈਸੇਜ ਤਿਆਰ ਕਰ ਸਕਣਗੇ। ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ, ਮੀਟਿੰਗਾਂ ਅਤੇ ਮੁਲਾਕਾਤਾਂ ਦੇ ਰਿਮਾਈਂਡਰ ਵੀ ਪਹਿਲਾਂ ਤੋਂ ਤੈਅ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਦਫ਼ਤਰੀ ਅਤੇ ਕਾਰੋਬਾਰੀ ਗਰੁੱਪਾਂ ਵਿੱਚ ਜ਼ਰੂਰੀ ਜਾਣਕਾਰੀ ਸਹੀ ਸਮੇਂ ’ਤੇ ਭੇਜਣ ਅਤੇ ਵੱਖ-ਵੱਖ ਟਾਈਮ ਜ਼ੋਨ ਵਿੱਚ ਰਹਿਣ ਵਾਲੇ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਵਿੱਚ ਵੀ ਇਹ ਫੀਚਰ ਮਦਦਗਾਰ ਹੋ ਸਕਦਾ ਹੈ। ਮੈਸੇਜ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਇਹ ਆਮ WhatsApp ਮੈਸੇਜ ਵਾਂਗ ਹੀ ਦਿਖਾਈ ਦੇਵੇਗਾ ਅਤੇ ਉਸ ਨੂੰ ਇਹ ਨਹੀਂ ਦੱਸਿਆ ਜਾਵੇਗਾ ਕਿ ਮੈਸੇਜ ਪਹਿਲਾਂ ਤੋਂ ਸ਼ਡਿਊਲ ਕੀਤਾ ਗਿਆ ਸੀ।
ਹੌਲੀ-ਹੌਲੀ ਸਾਰੇ ਯੂਜ਼ਰਜ਼ ਤੱਕ ਪਹੁੰਚੇਗਾ ਫੀਚਰ
ਕੰਪਨੀ ਵੱਲੋਂ ਭਾਰਤ ਸਮੇਤ ਦੁਨੀਆ ਭਰ ਦੇ ਯੂਜ਼ਰਜ਼ ਲਈ ਇਸ ਸਹੂਲਤ ਨੂੰ ਪੜਾਅਵਾਰ ਜਾਰੀ ਕਰਨ ਦੀ ਗੱਲ ਕਹੀ ਗਈ ਹੈ। ਕੁਝ ਯੂਜ਼ਰਜ਼ ਇਸ ਦੀ ਵਰਤੋਂ ਕਰ ਸਕਣਗੇ, ਜਦਕਿ ਹੋਰਨਾਂ ਨੂੰ ਕੁਝ ਹਫ਼ਤੇ ਉਡੀਕ ਕਰਨੀ ਪੈ ਸਕਦੀ ਹੈ। ਸਾਰੇ ਯੂਜ਼ਰਜ਼ ਲਈ ਇਸ ਦੇ ਉਪਲਬਧ ਹੋਣ ਦੀ ਕੋਈ ਪੱਕੀ ਤਾਰੀਖ ਅਜੇ ਨਹੀਂ ਦੱਸੀ ਗਈ। ਇਸ ਲਈ WhatsApp ਨੂੰ ਅਪਡੇਟ ਰੱਖਣਾ ਲਾਹੇਵੰਦ ਰਹੇਗਾ।
ਕੀ ਹੁੰਦੀ ਹੈ ਐਂਡ-ਟੂ-ਐਂਡ ਐਨਕ੍ਰਿਪਸ਼ਨ ?
ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਮਤਲਬ ਹੈ ਕਿ ਮੈਸੇਜ ਭੇਜਣ ਵਾਲੇ ਦੇ ਫੋਨ ਤੋਂ ਨਿਕਲਣ ਸਮੇਂ ਹੀ ਸੁਰੱਖਿਅਤ ਕੋਡ ਵਿੱਚ ਬਦਲ ਜਾਂਦਾ ਹੈ। ਇਸ ਨੂੰ ਸਿਰਫ਼ ਮੈਸੇਜ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਡਿਵਾਈਸ ’ਤੇ ਹੀ ਪੜ੍ਹਿਆ ਜਾ ਸਕਦਾ ਹੈ। ਇਸ ਤਕਨੀਕ ਤਹਿਤ ਵਿਚਕਾਰਲੇ ਨੈੱਟਵਰਕ ਜਾਂ ਸਰਵਰ ’ਤੇ ਵੀ ਮੈਸੇਜ ਦੀ ਅਸਲ ਸਮੱਗਰੀ ਪੜ੍ਹੀ ਨਹੀਂ ਜਾ ਸਕਦੀ।