ਦਸੂਹਾ ’ਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਫਿਲਮੀ ਅੰਦਾਜ਼ ‘ਚ ਹੋਇਆ ਮੁਕਾਬਲਾ, ਸ਼ਰੇਆਮ ਬਾਜ਼ਾਰ ‘ਚ ਹੋਏ ਫਾਇਰ
ਦਸੂਹਾ: ਹੁਸ਼ਿਆਰਪੁਰ ਦੇ ਦਸੂਹਾ ਵਿੱਚ ਸ਼ੁੱਕਰਵਾਰ ਸਵੇਰੇ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਫਿਲਮੀ ਅੰਦਾਜ਼ ਵਿੱਚ ਮੁਕਾਬਲਾ ਹੋਇਆ। ਇਸ ਦੌਰਾਨ ਕਰੀਬ 200 ਮੀਟਰ ਦੇ ਘੇਰੇ ਵਿੱਚ ਪੁਲਿਸ ਵੱਲੋਂ 6 ਫਾਇਰ ਕੀਤੇ ਗਏ। ਗੋਲੀ ਲੱਗਣ ਕਾਰਨ ਇੱਕ ਰਾਹਗੀਰ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਮੁਹੰਮਦ ਰਵੀ ਵਜੋਂ ਹੋਈ ਹੈ। ਉਸ ਦੀ ਬਾਂਹ ਵਿੱਚ ਗੋਲੀ ਲੱਗੀ ਹੈ ਅਤੇ ਉਸ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ, ਦਸੂਹਾ ਦੇ ਬਲਗੜਾਂ ਚੌਕ ਨੇੜੇ ਇੱਕ ਚਿੱਟੇ ਰੰਗ ਦੀ ਕਾਰ ਦਾ ਪੁਲਿਸ ਦੀ ਗੱਡੀ ਪਿੱਛਾ ਕਰ ਰਹੀ ਸੀ। ਇਸ ਦੌਰਾਨ ਪੁਲਿਸ ਵੱਲੋਂ ਕਾਰ ’ਤੇ ਪਿੱਛਿਓਂ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਵਿੱਚ ਭਾਜੜ ਵਰਗਾ ਮਾਹੌਲ ਬਣ ਗਿਆ।
ਚਸ਼ਮਦੀਦਾਂ ਮੁਤਾਬਕ, ਬਲਗੜਾਂ ਚੌਕ ਵਿੱਚ ਭੀੜ ਕਾਰਨ ਮੁਲਜ਼ਮਾਂ ਦੀ ਕਾਰ ਫਸ ਗਈ। ਭੱਜਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੇ ਕਰੀਬ 6 ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਲਗਭਗ 200 ਮੀਟਰ ਅੱਗੇ ਪੁਲਿਸ ਨੇ ਕਾਰ ਨੂੰ ਘੇਰ ਲਿਆ। ਹਾਲਾਂਕਿ, ਕਾਰ ਵਿੱਚ ਸਵਾਰ ਤਿੰਨ ਵਿਅਕਤੀ ਬਾਹਰ ਨਿਕਲ ਕੇ ਫਰਾਰ ਹੋ ਗਏ। ਫਰਾਰ ਹੋਣ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਦੱਸੀ ਜਾ ਰਹੀ ਹੈ।
ਪੁਲਿਸ ਨੇ ਮੌਕੇ ਤੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਅਜੇ ਤੱਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜਾਂ ਮਾਮਲੇ ਦੇ ਪਿਛੋਕੜ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦਸੂਹਾ ਥਾਣਾ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਤੋਂ ਬਾਅਦ ਹੀ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।