ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ ਮਾਮਲਾ: ਗੁਰਦਾਸਪੁਰ ਤੋਂ ਹਿਰਾਸਤ ’ਚ ਲਿਆ ਗਿਆ ਚੌਥਾ ਨੌਜਵਾਨ ਪੁੱਛਗਿੱਛ ਮਗਰੋਂ ਰਿਹਾਅ
- ਰਾਜਸਥਾਨ ਪੁਲਿਸ ਨੇ ਜਾਂਚ ਤੋਂ ਬਾਅਦ ਘਰ ਭੇਜਿਆ
- ਮੁਲਜ਼ਮ ਦਵਿੰਦਰ ਸਿੰਘ ਦੇ ਮੋਬਾਈਲ ਵਿੱਚੋਂ ਮਿਲਿਆ ਸੀ ਨੌਜਵਾਨ ਦਾ ਫੋਨ ਨੰਬਰ
ਗੁਰਦਾਸਪੁਰ: ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਰੇਲਵੇ ਟਰੈਕ ’ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਗੁਰਦਾਸਪੁਰ ਦੇ ਚੌਥੇ ਨੌਜਵਾਨ ਨੂੰ ਜਾਂਚ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਇਸ ਮਾਮਲੇ ਵਿੱਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਮਿਲੀ, ਜਿਸ ਤੋਂ ਬਾਅਦ ਉਸ ਨੂੰ ਘਰ ਵਾਪਸ ਭੇਜ ਦਿੱਤਾ ਗਿਆ।
ਪਿੰਡ ਦੋਸਤਪੁਰ ਦਾ ਰਹਿਣ ਵਾਲਾ ਰਵਿੰਦਰ ਸਿੰਘ ਉਰਫ਼ ਰੋਹਿਤ ਰਿਹਾਅ ਹੋਣ ਤੋਂ ਬਾਅਦ ਆਪਣੇ ਘਰ ਪਹੁੰਚ ਗਿਆ ਹੈ। ਉਸ ਦੇ ਪਿਤਾ ਕੁਲਦੀਪ ਸਿੰਘ ਦੋਰਾਂਗਲਾ ਪੁਲਿਸ ਥਾਣੇ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹਨ।
ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ, ਸਗੋਂ ਸਿਰਫ਼ ਪੁੱਛਗਿੱਛ ਲਈ ਨਾਲ ਲਿਜਾਇਆ ਗਿਆ ਸੀ। ਉਸ ਮੁਤਾਬਕ, ਇਸ ਮਾਮਲੇ ਵਿੱਚ ਫੜੇ ਗਏ ਮੁਲਜ਼ਮ ਦਵਿੰਦਰ ਸਿੰਘ ਨਾਲ ਉਹ ਪੜ੍ਹਾਈ ਦੌਰਾਨ ਸਹਿਪਾਠੀ ਰਿਹਾ ਸੀ। ਦਵਿੰਦਰ ਦੇ ਮੋਬਾਈਲ ਫੋਨ ਵਿੱਚੋਂ ਉਸ ਦਾ ਨੰਬਰ ਮਿਲਣ ਕਾਰਨ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ।
ਰਵਿੰਦਰ ਨੇ ਦਾਅਵਾ ਕੀਤਾ ਕਿ ਉਸ ਦੀ ਦਵਿੰਦਰ ਨਾਲ ਕਦੇ ਫੋਨ ’ਤੇ ਗੱਲਬਾਤ ਵੀ ਨਹੀਂ ਹੋਈ। ਪੁਲਿਸ ਨੇ ਉਸ ਕੋਲੋਂ ਆਮ ਤਰੀਕੇ ਨਾਲ ਪੁੱਛਗਿੱਛ ਕੀਤੀ ਅਤੇ ਮਾਮਲੇ ਵਿੱਚ ਕੋਈ ਸਬੰਧ ਸਾਹਮਣੇ ਨਾ ਆਉਣ ਕਾਰਨ ਉਸ ਨੂੰ ਛੱਡ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਪਿਤਾ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ, ਜਦਕਿ ਉਸ ਦਾ ਚਚੇਰਾ ਭਰਾ ਭਾਰਤੀ ਫ਼ੌਜ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਦੇਸ਼ ਵਿਰੋਧੀ ਗਤੀਵਿਧੀ ਬਾਰੇ ਸੋਚ ਵੀ ਨਹੀਂ ਸਕਦਾ।