ਅਫਗਾਨਿਸਤਾਨ ‘ਚ ਸਕੂਲ ਨੇੜੇ ਜ਼ਬਰਦਸਤ ਧਮਾਕਾ, 6 ਵਿਦਿਆਰਥੀਆਂ ਦੀ ਮੌਤ, 97 ਜ਼ਖਮੀ
Afghanistan’s Kunar Province Blast: ਅਫਗਾਨਿਸਤਾਨ ਦੇ ਪੂਰਬੀ ਸੂਬੇ ਕੁਨਾਰ ਵਿੱਚ ਇੱਕ ਸਕੂਲ ਦੇ ਨੇੜੇ ਹੋਏ ਧਮਾਕੇ ਵਿੱਚ ਘੱਟੋ-ਘੱਟ 6 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 97 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਗਿਣਤੀ 100 ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜਾਂਚ ਟੀਮਾਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ, ਕੁਨਾਰ ਸੂਬਾਈ ਹਸਪਤਾਲ ਦੇ ਮੁਖੀ ਮੌਲਾ ਦਾਦ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਅੰਕੜੇ ਸ਼ੁਰੂਆਤੀ ਹਨ। ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਮਿਲਣ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਿੱਚ ਬਦਲਾਅ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ, ਕੁਨਾਰ ਸੂਬੇ ਦੇ ਅੰਦਰ ਸੇਰ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਕਰੀਬ 10 ਵਜੇ ਇੱਕ ਮਿਡਲ ਸਕੂਲ ਦੇ ਨਾਲ ਲੱਗਦੇ ਘਰ ਵਿੱਚ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਖਣਨ ਦੇ ਕੰਮ ਨਾਲ ਜੁੜੇ ਲੋਕਾਂ ਦਾ ਸੀ, ਜਿਨ੍ਹਾਂ ਨੇ ਉੱਥੇ ਡਾਇਨਾਮਾਈਟ ਜਮ੍ਹਾਂ ਕਰਕੇ ਰੱਖਿਆ ਹੋਇਆ ਸੀ।
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੁਨਾਰ ਸੂਬੇ ਵਿੱਚ ਜਾਂਚ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਸਕੂਲ ਕੰਪਲੈਕਸ ਵਿੱਚ ਹੈਂਡ ਗ੍ਰਨੇਡ ਨਾਲ ਹਮਲਾ ਹੋਇਆ ਸੀ। ਇਸ ਘਟਨਾ ਵਿੱਚ 9 ਤੋਂ 14 ਸਾਲ ਦੀ ਉਮਰ ਦੇ 40 ਤੋਂ ਵੱਧ ਬੱਚੇ ਜ਼ਖਮੀ ਹੋਏ ਸਨ।