Ferozepur News: ਫਿਰੋਜ਼ਪੁਰ ਦੇ ਪਿੰਡ ਹਬੀਵਾਲਾ ਦਾ ਰਹਿਣ ਵਾਲਾ 26 ਸਾਲਾਂ ਨੌਜਵਾਨ ਨਸ਼ੇ ਦੀ ਓਵਰਡੋਜ ਕਾਰਨ ਮੌਤ ਦੀ ਗਹਿਰੀ ਨੀਂਦ ਸੋ ਗਿਆ।
Youth died of a drug overdose: ਯੁੱਧ ਨਸ਼ਿਆਂ ਵਿਰੁੱਧ ਅਭਿਆਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦਾ ਕੋਈ ਅਜਿਹਾ ਹੀ ਵਿਭਾਗ ਬਚਿਆ ਹੋਵੇ ਜਿਸ ਨੇ ਇਸ ਰੈਲੀ ਵਿੱਚ ਸ਼ਮੂਲੀਅਤ ਨਾ ਕੀਤੀ ਹੋਵੇ। ਪਰ ਜਿਸ ਵੇਲੇ ਇਹ ਰੈਲੀ ਕੱਢੀ ਜਾ ਰਹੀ ਸੀ ਉਸਦੇ ਕੁਝ ਕਿਲੋਮੀਟਰ ਦੂਰ ਹੀ ਇੱਕ ਨੌਜਵਾਨ ਨਸ਼ੇ ਦੀ ਬੱਲੀ ਚੜ ਗਿਆ।
ਅੱਜ ਫਿਰੋਜ਼ਪੁਰ ਵਿੱਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਜਿੱਥੇ ਜਿਲ੍ਹਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਗਿਆ। ਦੂਜੇ ਪਾਸੇ ਫਿਰੋਜ਼ਪੁਰ ਦੇ ਪਿੰਡ ਹਬੀਵਾਲਾ ਦਾ ਰਹਿਣ ਵਾਲਾ 26 ਸਾਲਾਂ ਨੌਜਵਾਨ ਨਸ਼ੇ ਦੀ ਓਵਰਡੋਜ ਕਾਰਨ ਮੌਤ ਦੀ ਗਹਿਰੀ ਨੀਂਦ ਸੋ ਗਿਆ। ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਿੰਦਰ ਸਿੰਘ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਸ਼ਾਦੀਸ਼ੁਦਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਨਸ਼ੇ ਦਾ ਆਦੀ ਸੀ। ਇਸ ਵਾਰ ਫਿਰ ਉਸਨੇ ਨਸ਼ੇ ਦਾ ਟੀਕਾ ਭਰ ਕੇ ਆਪਣੇ ਲਗਾਇਆ ਜਿਸ ਨਾਲ ਉਸਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਪਰ ਨਸ਼ੇ ‘ਤੇ ਠੱਲ ਪਾਉਣ ਵਾਲਾ ਕੋਈ ਨਹੀਂ। ਛਿੰਦਰ ਨੂੰ ਕਈ ਵਾਰ ਨਸ਼ਾ ਕਰਨ ਤੋਂ ਰੋਕਿਆ ਗਿਆ ਪਰ ਉਹ ਨਸ਼ੇ ਦੀ ਲੱਤ ਨੂੰ ਨਹੀਂ ਛੱਡ ਸਕਿਆ। ਪਿੰਡ ਵਿੱਚ ਨਸ਼ਾ ਆਮ ਮਿਲ ਜਾਂਦਾ ਸੀ ਜਿਸ ਕਰਕੇ ਉਹ ਉਸਦਾ ਆਦੀ ਸੀ, ਮ੍ਰਿਤਕ ਦੀ ਲਾਸ਼ ਕੋਲੋਂ ਉਹ ਨਸ਼ੇ ਦਾ ਟੀਕਾ ਵੀ ਪਰਿਵਾਰ ਨੂੰ ਮਿਲਿਆ ਜਿਸ ਦੀ ਓਵਰਡੋਜ਼ ਨਾਲ ਉਸਦੀ ਮੌਤ ਹੋਈ ਹੈ।
ਮ੍ਰਿਤਕ ਛਿੰਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਸ਼ੇ ਨੂੰ ਠੱਲ ਪੈਣੀ ਚਾਹੀਦੀ ਹੈ ਅਤੇ ਦੋਸ਼ੀਆਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਪੁੱਤਰ ਤਾਂ ਇਸ ਜਹਾਨੋ ਤੁਰ ਗਿਆ ਅੱਗੇ ਹੋਰ ਕਿਸੇ ਦਾ ਪੁੱਤਰ ਨਸ਼ੇ ਦੀ ਲੱਤ ਕਾਰਨ ਜਹਾਨੋ ਨਾ ਜਾਵੇ ਇਸ ਲਈ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰਸ਼ਾਸਨ ਦੀ ਅਜਿਹੀ ਰੈਲੀਆਂ ‘ਤੇ ਸਵਾਲ ਖੜੇ ਹੋਣੇ ਲਾਜ਼ਮੀ ਹਨ ਕਿ ਇੱਕ ਪਾਸੇ ਤਾਂ ਪ੍ਰਸ਼ਾਸਨ ਇਹ ਦਿਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਨਸ਼ੇ ਨੂੰ ਲੈ ਕੇ ਕਿੰਨਾ ਗੰਭੀਰ ਹੈ ਅਤੇ ਦੂਜੇ ਪਾਸੇ ਨੌਜਵਾਨ ਨਸ਼ੇ ਦੀ ਓਵਰਡੋਜ ਨਾਲ ਲਗਾਤਾਰ ਆਪਣੀ ਜਾਨ ਗਵਾ ਰਹੇ ਹਨ। ਜ਼ਰੂਰਤ ਹੈ ਜ਼ਮੀਨ ‘ਤੇ ਨਸ਼ੇ ਵਿਰੁੱਧ ਕੰਮ ਕਰਨ ਦੀ ਤਾਂ ਜੋ ਨੌਜਵਾਨੀ ਨੂੰ ਨਸ਼ੇ ਦੀ ਲੱਤ ਚੋਂ ਬਾਹਰ ਕੱਢਿਆ ਜਾ ਸਕੇ।