Raghav Chadha in ‘Ideas for India Conference 2025: ਲੰਡਨ ‘ਚ ‘ਆਈਡੀਆਜ਼ ਫਾਰ ਇੰਡੀਆ ਕਾਨਫਰੰਸ 2025’ ਵਿੱਚ ਰਾਘਵ ਚੱਢਾ ਨੇ ਪਾਕਿਸਤਾਨ ਦੇ ਕੂਟਨੀਤਕ ਦੋਗਲੇਪਣ ਦਾ ਪਰਦਾਫਾਸ਼ ਕੀਤਾ ਤੇ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਜਵਾਬ ਦੇਣਾ ਵੀ ਜਾਣਦਾ ਹੈ।
Raghav Chadha Slams Pakistan: ਲੰਡਨ ‘ਚ ਆਯੋਜਿਤ ‘ਆਈਡੀਆਜ਼ ਫਾਰ ਇੰਡੀਆ ਕਾਨਫਰੰਸ 2025’ ਦੇ ਪਲੇਟਫਾਰਮ ਤੋਂ ਸਾਂਸਦ ਰਾਘਵ ਚੱਢਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਦੀ ਅੱਤਵਾਦ ਨੀਤੀ ਨੂੰ ਵਿਸ਼ਵ ਪੱਧਰ ‘ਤੇ ਘੇਰਿਆ। ਇਹ ਬਿਆਨ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਦਿੱਤਾ, ਜਿਸਦੀ ਵੀਡੀਓ ਉਨ੍ਹਾਂ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਸਾਂਝੀ ਕੀਤੀ।
ਪਾਕਿਸਤਾਨ ਪੀੜਤ ਨਹੀਂ ਸਗੋਂ ਇੱਕ ਅੱਤਵਾਦੀ ਦੇਸ਼ – ਰਾਘਵ ਚੱਢਾ
ਸਾਂਸਦ ਮੈਂਬਰ ਰਾਘਵ ਚੱਢਾ ਨੇ ਲਿਖਿਆ, “ਇੱਕ ਗਲੋਬਲ ਪਲੇਟਫਾਰਮ ਤੋਂ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਇੱਕ ਪੀੜਤ ਦੇਸ਼ ਨਹੀਂ ਹੈ, ਸਗੋਂ ਇੱਕ ਅੱਤਵਾਦ ਫੈਲਾਉਣ ਵਾਲਾ ਦੇਸ਼ ਹੈ। ‘ਆਈਡੀਆਜ਼ ਫਾਰ ਇੰਡੀਆ ਕਾਨਫਰੰਸ 2025’ ਵਿੱਚ, ਮੈਂ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਅੱਤਵਾਦੀ ਮਸ਼ੀਨਰੀ ਦਾ ਪਰਦਾਫਾਸ਼ ਕੀਤਾ। ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਝੂਠ ਅਤੇ ਕਰਜ਼ਾ ਇਕੱਠੇ ਨਹੀਂ ਚੱਲ ਸਕਦੇ।
ਕੂਟਨੀਤੀ ਅਤੇ ਧੋਖਾ ਇਕੱਠੇ ਨਹੀਂ ਚੱਲ ਸਕਦੇ। ਅੱਤਵਾਦ ਅਤੇ ਸਹਿਣਸ਼ੀਲਤਾ ਇਕੱਠੇ ਨਹੀਂ ਰਹਿ ਸਕਦੇ। ਭਾਰਤ ਸ਼ਾਂਤੀ ਚਾਹੁੰਦਾ ਹੈ – ਪਰ ਜੇਕਰ ਭੜਕਾਇਆ ਗਿਆ, ਤਾਂ ਬਦਲਾ ਇੱਕ ਅਪਵਾਦ ਨਹੀਂ ਸਗੋਂ ਇੱਕ ਉਮੀਦ ਹੋਵੇਗੀ।”
ਸਾਡੀ ਸ਼ਾਂਤੀ ਨੂੰ ਕਮਜ਼ੋਰੀ ਨਾ ਸਮਝੋ – ਰਾਘਵ ਚੱਢਾ
ਵੀਡੀਓ ਵਿੱਚ, ਰਾਘਵ ਚੱਢਾ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਜ਼ਾਲਮ ਅਤੇ ਮੰਦਭਾਗੀ ਘਟਨਾ ਸੀ, ਜਿਸ ਵਿੱਚ 26 ਨਿਰਦੋਸ਼ ਨਾਗਰਿਕਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਅਜਿਹੇ ਪਲੇਟਫਾਰਮ ‘ਤੇ ਉਠਾਉਣਾ ਜ਼ਰੂਰੀ ਹੈ, ਕਿਉਂਕਿ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਹੁਣ ਬਹੁ-ਧਰੁਵੀ ਦੁਨੀਆ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੀ ਹੈ।
ਰਾਘਵ ਚੱਢਾ ਨੇ ਕਿਹਾ, “ਅਸੀਂ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਸਾਡੀ ਸ਼ਾਂਤੀ ਨੂੰ ਕਮਜ਼ੋਰੀ ਨਾ ਸਮਝੋ। ਜੇਕਰ ਕੋਈ ਹਿੰਮਤ ਕਰਦਾ ਹੈ, ਤਾਂ ਸਾਡੀ ਦੋਸਤੀ ਦਾ ਹੱਥ ਤੁਰੰਤ ਬਦਲੇ ਦੀ ਮੁੱਠੀ ਵਿੱਚ ਬਦਲ ਸਕਦਾ ਹੈ।” ਚੱਢਾ ਨੇ ਅੱਗੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਕਿਸੇ ਤੋਂ ਇਜਾਜ਼ਤ ਨਹੀਂ ਮੰਗੀ, ਪਰ ਦੁਨੀਆ ਦੇ ਸਹਿਯੋਗੀਆਂ ਨੂੰ ਦੱਸਿਆ ਕਿ ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈ, ਪਰ ਸਵੈ-ਰੱਖਿਆ ਉਸਦਾ ਅਧਿਕਾਰ ਹੈ। ਇਸ ਦੇ ਤਹਿਤ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਠਿਕਾਣਿਆਂ ‘ਤੇ ਸਟੀਕ ਅਤੇ ਗੈਰ-ਭੜਕਾਅ ਵਾਲੀ ਕਾਰਵਾਈ ਕੀਤੀ। ਇਸ ਜਵਾਬ ਵਿੱਚ, ਨਾ ਤਾਂ ਨਾਗਰਿਕਾਂ ਅਤੇ ਨਾ ਹੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ – ਸਿਰਫ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕੀਤਾ ਗਿਆ। ਚੱਢਾ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਭਾਰਤ ਦੀ ਨਵੀਂ ਨੀਤੀ ਬਣ ਗਈ ਹੈ – ਲੋੜ ਪੈਣ ‘ਤੇ ਸ਼ਾਂਤੀ ਦੇ ਨਾਲ-ਨਾਲ ਸਟੀਕ ਜਵਾਬੀ ਕਾਰਵਾਈ ਦੀ ਪੇਸ਼ਕਸ਼।”