2 ਮਿਲੀਅਨ ਡਾਲਰ ਦੀ ਲਾਟਰੀ, ਦੋਸਤ ਦੇ ਇਨਾਮ ‘ਤੇ ਚਾਰ ਪੰਜਾਬੀਆਂ ਨੇ ਜਤਾਇਆ ਹੱਕ ਤਾਂ ਕੈਨੇਡਾ ਕੋਰਟ ਨੇ ਸੁਣਾਇਆ ਫੈਸਲਾ
Canada Court ਨੇ ਮਨਦੀਪ ਸਿੰਘ ਮਾਨ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਲੱਖਾਂ ਡਾਲਰ ਦੀ ਲਾਟਰੀ ਜਿੱਤਣਾ ਖੁਸ਼ੀ ਦੀ ਗੱਲ ਹੈ ਪਰ ਇਸ ਮਾਮਲੇ ‘ਚ ਆਪਸੀ ਸਬੰਧਾਂ ਵਿੱਚ ਖਟਾਸ ਆ ਗਈ ਹੈ।
Canada Court on 2 Million Dollar Lottery Prize: ਕੈਨੇਡਾ ‘ਚ ਪੰਜ ਪੰਜਾਬੀ ਦੋਸਤ ਆਪਸ ‘ਚ ਲੜ ਪਏ ਕਿਉਂਕਿ ਉਨ੍ਹਾਂ ਚੋਂ ਇੱਕ ਨੇ 2 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਸੀ। ਚਾਰਾਂ ਦੋਸਤਾਂ ਨੇ ਇਹ ਕਹਿ ਕੇ ਲਾਟਰੀ ਟਿਕਟ ਦੇ ਇਨਾਮ ‘ਚ ਆਪਣਾ ਹਿੱਸਾ ਪਾਉਣ ਦਾ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਿਲ ਕੇ ਟਿਕਟ ਖਰੀਦੀ ਸੀ।
ਅਦਾਲਤ ਨੇ 2 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਵਿੱਚ ਹਿੱਸੇਦਾਰੀ ਲਈ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਤਾਂ ਚਾਰ ਪੰਜਾਬੀਆਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਅਦਾਲਤ ਨੇ ਮਨਦੀਪ ਸਿੰਘ ਮਾਨ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਲੱਖਾਂ ਡਾਲਰ ਦੀ ਲਾਟਰੀ ਜਿੱਤਣਾ ਖੁਸ਼ੀ ਦੀ ਗੱਲ ਹੈ ਪਰ ਇਸ ਮਾਮਲੇ ‘ਚ ਆਪਸੀ ਸਬੰਧਾਂ ਵਿੱਚ ਖਟਾਸ ਆ ਗਈ ਹੈ।
ਅਗਸਤ 2022 ਵਿੱਚ ਖਰੀਦੀ ਗਈ ਸੀ ਟਿਕਟ
ਕਹਾਣੀ 15 ਅਗਸਤ, 2022 ਨੂੰ ਸ਼ੁਰੂ ਹੋਈ, ਜਦੋਂ ਮਨਦੀਪ ਸਿੰਘ ਮਾਨ ਨੇ ਇੱਕ ਟਿਕਟ ਖਰੀਦਣ ਲਈ $12 ਖਰਚ ਕੀਤੇ, ਨਤੀਜੇ ਵਜੋਂ $2 ਮਿਲੀਅਨ ਦਾ ਇਨਾਮ ਨਿਕਲਿਆ। ਮਨਦੀਪ ਸਿੰਘ ਮਾਨ ਦੇ ਸਾਥੀਆਂ ਬਲਵਿੰਦਰ ਕੌਰ ਨਾਗਰਾ, ਸੁਖਜਿੰਦਰ ਸਿੰਘ ਸਿੱਧੂ, ਬਿਨੀਪਾਲ ਸਿੰਘ ਸੰਘੇੜਾ ਅਤੇ ਜੀਵਨ ਪੇਧਾਨ ਦਾ ਦਾਅਵਾ ਹੈ ਕਿ ਉਹ ਵੀ ਇਨਾਮੀ ਰਾਸ਼ੀ ਦੇ ਹੱਕਦਾਰ ਹਨ। ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚਿਆ।
ਦੋਸਤਾਂ ਦੀ ਦਲੀਲ – ਹਫ਼ਤੇ ‘ਚ ਦੋ ਵਾਰ ਲਾਟਰੀ ਲਈ ਪੈਸੇ ਇਕੱਠੇ ਕੀਤੇ
ਚਾਰੇ ਦਾਅਵੇਦਾਰਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਮਨਦੀਪ ਮਾਨ ਨਾਲ ਸਮਝੌਤਾ ਹੋਇਆ ਸੀ ਅਤੇ ਇਹ ਸਾਰੇ ਹਫ਼ਤੇ ‘ਚ ਦੋ ਵਾਰ ਲਾਟਰੀ ਦੀਆਂ ਟਿਕਟਾਂ ਖਰੀਦਣ ਲਈ ਪੈਸੇ ਇਕੱਠੇ ਕਰਦੇ ਸਨ। ਹਰੇਕ ਮੈਂਬਰ ਨੇ $10 ਦਾ ਯੋਗਦਾਨ ਪਾਇਆ ਤੇ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਲਾਟਰੀਆਂ ਖਰੀਦੀਆਂ। ਜੇਕਰ ਕੋਈ ਮੈਂਬਰ ਗੈਰਹਾਜ਼ਰ ਹੈ ਜਾਂ ਉਸ ਕੋਲ ਨਕਦੀ ਨਾਹ ਹੋਵੇ, ਤਾਂ ਉਹ ਬਾਅਦ ਵਿੱਚ ਆਪਣਾ ਯੋਗਦਾਨ ਅਦਾ ਕਰ ਸਕਦਾ ਹੈ।
ਮਨਦੀਪ ਨੇ ਕਿਹਾ- ਬੀਸੀ 49 ਲਈ ਕੋਈ ਸਾਂਝੀ ਟਿਕਟ ਨਹੀਂ ਖਰੀਦੀ ਸੀ
ਦੂਜੇ ਪਾਸੇ ਮਨਦੀਪ ਸਿੰਘ ਮਾਨ ਨੇ ਦਲੀਲ ਦਿੱਤੀ ਕਿ ਲਾਟਰੀ ਖਰੀਦਣ ਲਈ ਕੋਈ ਪੱਕਾ ਗਰੁੱਪ ਨਹੀਂ ਬਣਾਇਆ ਗਿਆ ਤੇ ਕਈ ਵਾਰ ਲੋਟੋ ਮੈਕਸ ਲਾਟਰੀ ਖਰੀਦਣ ਲਈ ਕਈ ਲੋਕ ਇਕੱਠੇ ਹੋ ਜਾਂਦੇ ਹਨ ਪਰ ਬੀਸੀ 49 ਲਈ ਕੋਈ ਸਾਂਝੀ ਟਿਕਟ ਨਹੀਂ ਖਰੀਦੀ ਗਈ।
ਦੋਸਤਾਂ ਨੂੰ ਲਾਟਰੀ ਬਾਰੇ ਨਹੀਂ ਦੱਸਿਆ
ਜਦੋਂ ਮਨਦੀਪ ਸਿੰਘ ਮਾਨ ਨੂੰ ਪਤਾ ਲੱਗਾ ਕਿ ਲੈਂਗਲੇ ਦੇ ਸ਼ੈਵਰਨ ਗੈਸ ਸਟੇਸ਼ਨ ਤੋਂ 18 ਅਗਸਤ ਨੂੰ ਖਰੀਦੀ ਗਈ ਟਿਕਟ ਨੇ 2 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ, ਤਾਂ ਉਹ ਬਹੁਤ ਖੁਸ਼ ਹੋ ਗਿਆ। ਉਸ ਨੇ ਲਾਟਰੀ ਡਰਾਅ ਬਾਰੇ ਆਪਣੇ ਸਾਥੀਆਂ ਨੂੰ ਨਹੀਂ ਦੱਸਿਆ। 11 ਦਿਨਾਂ ਬਾਅਦ ਜਦੋਂ ਚਾਰੇ ਸਾਥੀਆਂ ਨੇ ਮਨਦੀਪ ਮਾਨ ਦੀ 2 ਮਿਲੀਅਨ ਡਾਲਰ ਦੇ ਚੈੱਕ ਨਾਲ ਤਸਵੀਰ ਦੇਖੀ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਸੁਪਰੀਮ ਕੋਰਟ ਨੇ ਮਨਦੀਪ ਦੇ ਹੱਕ ‘ਚ ਸੁਣਾਇਆ ਫੈਸਲਾ
ਸੁਪਰੀਮ ਕੋਰਟ ਦੇ ਜਸਟਿਸ ਲਿਲੀਅਨ ਬੇਂਟੋਰਾਕਿਸ ਨੇ ਆਪਣੇ ਫੈਸਲੇ ‘ਚ ਕਿਹਾ ਕਿ ਸਾਂਝੇ ਤੌਰ ‘ਤੇ ਲਾਟਰੀ ਖਰੀਦਣ ਦਾ ਕੋਈ ਲਿਖਤੀ ਸਮਝੌਤਾ ਨਹੀਂ ਸੀ ਅਤੇ ਕੁਝ ਵਟਸਐਪ ਸੰਦੇਸ਼ਾਂ ਜਾਂ ਲਾਟਰੀ ਟਿਕਟਾਂ ਦੀ ਵੰਡ ਨਾਲ ਸਬੰਧਤ ਕੋਈ ਰਿਕਾਰਡ ਨਹੀਂ ਮਿਲਿਆ, ਇਸ ਲਈ ਮਨਦੀਪ ਸਿੰਘ ਮਾਨ ਇਨਾਮੀ ਰਾਸ਼ੀ ਦਾ ਹੱਕਦਾਰ ਹੈ।
ਵਰਨਣਯੋਗ ਹੈ ਕਿ ਮੁਕੱਦਮੇ ਦੌਰਾਨ ਮਨਦੀਪ ਸਿੰਘ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਖੁਦ ਕਈ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ। ਗੈਸ ਸਟੇਸ਼ਨ ਦੇ ਰਿਕਾਰਡ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਹ ਮਨਦੀਪ ਮਾਨ ਹੀ ਸੀ ਜਿਸ ਨੇ ਬੀਸੀ 49 ਅਤੇ ਲੋਟੋ 6/49 ਦੀਆਂ ਟਿਕਟਾਂ ਖਰੀਦੀਆਂ ਸਨ। ਫੈਸਲਾ ਮਨਦੀਪ ਮਾਨ ਦੇ ਹੱਕ ਵਿੱਚ ਵੀ ਕੀਤਾ ਗਿਆ ਕਿਉਂਕਿ ਗਰੁੱਪ ਦੀਆਂ ਲਾਟਰੀ ਟਿਕਟਾਂ ਦੀ ਕੀਮਤ $50 ਸੀ ਅਤੇ $40 ਤੋਂ ਘੱਟ ਦੀਆਂ ਟਿਕਟਾਂ ਕਦੇ ਨਹੀਂ ਖਰੀਦੀਆਂ ਗਈਆਂ ਸਨ, ਜਦੋਂ ਕਿ ਮਨਦੀਪ ਮਾਨ ਨੇ ਸਿਰਫ $12 ਖਰਚ ਕੀਤੇ ਸਨ।