Mohali Triple Murder: ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
Mohali Property Dealer Suicide: ਐਤਵਾਰ ਨੂੰ ਰਾਜਪੁਰਾ ਅਧੀਨ ਆਉਂਦੇ ਬਨੂੜ-ਤੇਪਲਾ ਸੜਕ ‘ਤੇ ਪਿੰਡ ਚੰਗੇੜਾ ਨੇੜੇ ਖੇਤਾਂ ਵਿੱਚ ਖੜ੍ਹੀ ਇੱਕ ਫਾਰਚੂਨਰ ਕਾਰ ਚੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਤਿੰਨਾਂ ‘ਤੇ ਗੋਲੀਆਂ ਦੇ ਨਿਸ਼ਾਨ ਸੀ। ਇਹ ਕਾਰ ਸੜਕ ਤੋਂ ਥੋੜ੍ਹੀ ਹੇਠਾਂ ਖੇਤਾਂ ਵੱਲ ਖੜੀ ਸੀ। ਜਦੋਂ ਖੇਤ ਵਿੱਚ ਕੰਮ ਕਰਨ ਆਏ ਪਿੰਡ ਵਾਸੀਆਂ ਨੇ ਕਾਰ ਵੱਲ ਦੇਖਿਆ ਤਾਂ ਉਨ੍ਹਾਂ ਨੂੰ ਕਾਰ ‘ਚ ਤਿੰਨੋਂ ਲਾਸ਼ਾਂ ਦਿਖਾਈ ਦਿੱਤੀਆਂ।
ਇਸ ਤੋਂ ਬਾਅਦ ਤੁਰੰਤ ਬਨੂੜ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਜਾਂਚ ਦੌਰਾਨ ਕਾਰ ਦੇ ਅੰਦਰ ਇੱਕ ਆਦਮੀ, ਇੱਕ ਔਰਤ ਅਤੇ ਇੱਕ ਕਿਸ਼ੋਰ ਦੀ ਲਾਸ਼ਾਂ ਮਿਲੀਆਂ। ਪੁਲਿਸ ਨੇ ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਤਿੰਨਾਂ ਦਾ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਜਾਵੇਗਾ।
ਮ੍ਰਿਤਕਾਂ ਦੀ ਪਛਾਣ ਲੰਬੀ (ਜ਼ਿਲ੍ਹਾ ਬਠਿੰਡਾ) ਨੇੜੇ ਪਿੰਡ ਸਿੱਖਵਾਲਾ ਦੇ ਰਹਿਣ ਵਾਲੇ ਸੰਦੀਪ ਸਿੰਘ ਰਾਜਪਾਲ 45 ਸਾਲ, ਉਸਦੀ ਪਤਨੀ ਮਨਦੀਪ ਕੌਰ 42 ਸਾਲ ਅਤੇ ਉਨ੍ਹਾਂ ਦੇ ਪੁੱਤਰ ਅਭੈ 15 ਸਾਲ ਵਜੋਂ ਹੋਈ ਹੈ। ਅਭੈ ਮਾਨਸਿਕ ਤੌਰ ‘ਤੇ ਸਿਹਤਮੰਦ ਨਹੀਂ ਸੀ। ਪਰਿਵਾਰ ਹੁਣ ਕੁਝ ਸਾਲਾਂ ਤੋਂ ਮੋਹਾਲੀ ਰਹਿਣ ਰਿਹਾ ਸੀ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਪਰਿਵਾਰ ਪਿਛਲੇ ਅੱਠ ਸਾਲਾਂ ਤੋਂ ਮੋਹਾਲੀ ਦੇ ਐਮਆਰ ਸੈਕਟਰ-109 ਦਾ ਰਹਿ ਰਿਹਾ ਸੀ। ਉਸਦੀ ਪਤਨੀ ਉਸਦੇ ਨਾਲ ਵਾਲੀ ਸੀਟ ‘ਤੇ ਪਈ ਸੀ ਅਤੇ ਉਸਦੇ ਪੁੱਤਰ ਦੀ ਲਾਸ਼ ਪਿਛਲੀ ਸੀਟ ‘ਤੇ ਪਈ ਸੀ। ਤਿੰਨਾਂ ਮ੍ਰਿਤਕਾਂ ਦੇ ਸਿਰਾਂ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਇਸ ਘਟਨਾ ਦੀ ਸੂਚਨਾ ਖੇਤਾਂ ਵਿੱਚ ਕੰਮ ਕਰਨ ਆਏ ਕੁਝ ਲੋਕਾਂ ਨੇ ਦਿੱਤੀ, ਜਿਨ੍ਹਾਂ ਨੇ ਕਾਰ ਵਿੱਚ ਲਾਸ਼ ਦੇਖ ਕੇ ਬਨੂੜ ਪੁਲਿਸ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਡੀਐਸਪੀ ਮਨਜੀਤ ਸਿੰਘ, ਬਨੂੜ ਥਾਣੇ ਦੇ ਐਸਐਚਓ ਅਰਸ਼ਦੀਪ ਸ਼ਰਮਾ, ਜਾਂਚ ਅਧਿਕਾਰੀ ਹਰਦੇਵ ਸਿੰਘ, ਏਐਸਆਈ ਜਸਵਿੰਦਰ ਪਾਲ ਤੁਰੰਤ ਟੀਮ ਨਾਲ ਮੌਕੇ ‘ਤੇ ਪਹੁੰਚੇ।
ਮੁੱਢਲੇ ਤੌਰ ‘ਤੇ ਲਗਾਇਆ ਖੁਦਕੁਸ਼ੀ ਦਾ ਅੰਦਾਜ਼ਾ
ਰਾਜਪੁਰਾ ਦੇ ਡੀਐਸਪੀ ਮਨਜੀਤ ਸਿੰਘ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਤੌਲ ਮਿਲਿਆ ਹੈ ਅਤੇ ਤਿੰਨਾਂ ਦੇ ਸਿਰਾਂ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਇਸ ਤੋਂ ਮੁੱਢਲੇ ਤੌਰ ‘ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੈ ਨੂੰ ਗੋਲੀ ਮਾਰੀ। ਫਿਰ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਸੰਦੀਪ ਦੇ ਰਿਸ਼ਤੇਦਾਰ ਅਮਰਿੰਦਰ ਸਿੰਘ ਨੂੰ ਘਟਨਾ ਬਾਰੇ ਸੂਚਿਤ ਕੀਤਾ, ਜੋ ਮੌਕੇ ‘ਤੇ ਪਹੁੰਚੇ। ਅਮਰਿੰਦਰ ਨੇ ਕਿਹਾ ਕਿ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਸੰਦੀਪ ਕਦੇ ਅਜਿਹਾ ਕਦਮ ਚੁੱਕ ਸਕਦਾ ਹੈ। ਪਰਿਵਾਰ ਹਮੇਸ਼ਾ ਖੁਸ਼ ਦਿਖਾਈ ਦਿੰਦਾ ਸੀ।
ਸੰਦੀਪ ਦਾ ਪਰਿਵਾਰ ਵਿੱਚ ਇੱਕ ਭਰਾ ਹੈ, ਜੋ ਬਠਿੰਡਾ ਵਿੱਚ ਰਹਿੰਦਾ ਹੈ। ਜਦੋਂ ਕਿ ਭੈਣ ਅਮਰੀਕਾ ਵਿੱਚ ਰਹਿੰਦੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਬਾਰੇ ਸਸਪੈਂਸ ਬਣਿਆ ਹੋਇਆ ਹੈ। ਪੁਲਿਸ ਨੇ ਕਿਹਾ ਕਿ ਹੁਣ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਪੁਲਿਸ ਸਾਰੇ ਪਹਿਲੂਆਂ ਤੋਂ ਕਰ ਰਹੀ ਜਾਂਚ
ਡੀਐਸਪੀ ਨੇ ਕਿਹਾ ਕਿ ਮ੍ਰਿਤਕ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਹੋਰ ਜਾਣਕਾਰੀ ਸਪੱਸ਼ਟ ਹੋਵੇਗੀ। ਇਸ ਤੋਂ ਇਲਾਵਾ, ਪੁਲਿਸ ਨੇ ਮੋਹਾਲੀ ਵਿੱਚ ਸੰਦੀਪ ਦੇ ਘਰ ਦੀ ਤਲਾਸ਼ੀ ਲੈਣ ਦੀ ਵੀ ਯੋਜਨਾ ਬਣਾਈ ਹੈ, ਤਾਂ ਜੋ ਖੁਦਕੁਸ਼ੀ ਦੇ ਪਿੱਛੇ ਦੇ ਕਾਰਨ ਦਾ ਪਤਾ ਲਗਾਉਣ ਲਈ ਕੁਝ ਠੋਸ ਸੁਰਾਗ ਮਿਲ ਸਕਣ।