Punjab CM Mann ਨੇ ਕਿਹਾ ਕਿ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ, ਭਾਵੇਂ ਉਹ ਕਿੰਨਾ ਵੀ ਵੱਡਾ ਨੇਤਾ, ਅਧਿਕਾਰੀ ਜਾਂ ਪ੍ਰਭਾਵਸ਼ਾਲੀ ਵਿਅਕਤੀ ਕਿਉਂ ਨਾ ਹੋਵੇ।
Punjab CM on Fight against Drugs: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਤੋਂ ਨੀਟ ਪਾਸ ਕਰਨ ਵਾਲੇ 435 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਇੱਕ ਵਾਰ ਫਿਰ ਉਨ੍ਹਾਂ ਨੇ ਨਸ਼ੇ ਖਿਲਾਫ਼ ਸੂਬੇ ‘ਚ ਚਲ ਰਹੀ ਜੰਗ ਦੀ ਗੱਲ ਕੀਤੀ। ਉਨ੍ਹਾਂ ਕਿਹਾ ਹੈ ਕਿ ਸੂਬੇ ‘ਤੇ ਲੱਗੇ ਨਸ਼ਿਆਂ ਦੇ ਕਲੰਕ ਨੂੰ ਮਿਟਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ, “ਅਸੀਂ ਜੋ ਵੀ ਕਰਨਾ ਹੈ ਉਹ ਕਰਾਂਗੇ। ਨਸ਼ਿਆਂ ਵਿਰੁੱਧ ਜੰਗ ਜਾਰੀ ਹੈ।”
ਸੀਐਮ ਮਾਨ ਨੇ ਕਿਹਾ ਕਿ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ, ਭਾਵੇਂ ਉਹ ਕਿੰਨਾ ਵੀ ਵੱਡਾ ਨੇਤਾ, ਅਧਿਕਾਰੀ ਜਾਂ ਪ੍ਰਭਾਵਸ਼ਾਲੀ ਵਿਅਕਤੀ ਕਿਉਂ ਨਾ ਹੋਵੇ। ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ, ਉਨ੍ਹਾਂ ਨੂੰ ਇਸ ਜਨਮ ਵਿੱਚ ਸਜ਼ਾ ਮਿਲੇਗੀ। ਨਾਲ ਹੀ ਇਸ ਦੌਰਾਨ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦਾ ਨਾਮ ਲਏ ਬਿਨਾਂ ਉਨ੍ਹਾਂ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੰਜਾਬ ਨੂੰ ਤਬਾਹੀ ਵੱਲ ਲਿਜਾਣ ਵਾਲਿਆਂ ਨਾਲ ਹੁਣ ਕੋਈ ਨਰਮੀ ਨਹੀਂ ਵਰਤੀ ਜਾਵੇਗੀ।
ਹਰ ਲੜਾਈ ‘ਚ ਪੰਜਾਬ ਹਮੇਸ਼ਾ ਰਿਹਾ ਅੱਗੇ
ਸੀਐਮ ਨੇ ਕਿਹਾ ਕਿ ਪੰਜਾਬ ਕਈ ਵਾਰ ਡਿੱਗਿਆ ਹੈ ਅਤੇ ਕਈ ਵਾਰ ਉੱਠਿਆ ਹੈ। ਭਾਵੇਂ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਦੁਸ਼ਮਣਾਂ ਨਾਲ ਲੜਨ ਦੀ। ਪੰਜਾਬ ਹਮੇਸ਼ਾ ਅੱਗੇ ਰਿਹਾ ਹੈ। ਸਰਕਾਰ ਆਪਣੀ ਜਵਾਨੀ ਪ੍ਰਤੀ ਗੰਭੀਰ ਹੈ। ਸਰਕਾਰ ਨੇ ਹੁਣ ਤੱਕ 55 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਹ ਪ੍ਰਕਿਰਿਆ ਅੱਗੇ ਵੀ ਜਾਰੀ ਰਹੇਗੀ।
ਜਨਗਣਨਾ ਦੇ ਕੰਮ ‘ਚ ਅਧਿਆਪਕਾਂ ਨੂੰ ਕੀਤਾ ਜਾਵੇਗਾ ਖੱਜਲ ਖੁਆਰ
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਨਗਣਨਾ ਕੀਤੀ ਜਾਣੀ ਹੈ। ਉਹ ਇਸ ਕੰਮ ਵਿੱਚ ਆਪਣੇ ਅਧਿਆਪਕਾਂ ਨੂੰ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ‘ਉਹ ਐਮਏ, ਐਮ.ਐੱਡ ਸਮੇਤ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀ ‘ਤੇ ਰੱਖ ਸਕਦੇ ਹਨ। ਮੈਂ ਅਧਿਆਪਕ ਨਹੀਂ ਦੇ ਸਕਦਾ। ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ। ਮੈਂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਸਮਝਦਾ ਹਾਂ।’
ਇਸ ਦੇ ਨਾਲ ਹੀ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਅਧਿਆਪਕਾਂ ਨੂੰ ਸਰਹੱਦ ‘ਤੇ ਡਿਊਟੀ ‘ਤੇ ਲਗਾਇਆ ਜਾਂਦਾ ਸੀ। ਅਧਿਆਪਕਾਂ ਨੂੰ ਕਿਸੇ ਵੀ ਕੰਮ ਲਈ ਡਿਊਟੀ ‘ਤੇ ਲਗਾਇਆ ਜਾਂਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ।