Kapurthala News: ਹਥਿਆਰ ਬੰਦ ਹੋ ਕੇ ਆਏ ਚੋਰਾਂ ਨੇ ਕਿਸਾਨ ਦੀ ਹਵੇਲੀ ਨੂੰ ਨਿਸ਼ਾਨਾ ਬਣਾਇਆ। ਸੁੱਤੇ ਪ੍ਰਵਾਸੀ ਮਜ਼ਦੂਰਾਂ ਦੇ ਮੋਬਾਈਲ ਫੋਨ ਅਤੇ ਨਗਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ।
Sultanpur Lodhi Gang of Thieves: ਸੁਲਤਾਨਪੁਰ ਲੋਧੀ ‘ਚ ਐਕਟਿਵ ਹੋਏ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ। ਜਿਸ ਕਰਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਬੀਤੀ ਰਾਤ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਗਾਜੀਪੁਰ ਦੇ ਨਾਲ ਲੱਗਦੇ ਡੇਰੇ ਮੱਲਗੁਜ਼ਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਹਥਿਆਰ ਬੰਦ ਹੋ ਕੇ ਆਏ ਚੋਰਾਂ ਨੇ ਕਿਸਾਨ ਦੀ ਹਵੇਲੀ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਚੋਰ ਮੱਕੀ ਦੀ ਫਸਲ ਦੀ ਰਾਖੀ ਸੁੱਤੇ ਪ੍ਰਵਾਸੀ ਮਜ਼ਦੂਰਾਂ ਦੇ ਮੋਬਾਈਲ ਫੋਨ ਅਤੇ ਨਗਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਮਜ਼ਦੂਰ ਰਮਨ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣਾ ਕੰਮਕਾਜ ਖ਼ਤਮ ਕਰਕੇ ਸੁੱਤੇ ਗਏ ਸੀ। ਜਦੋਂ ਸਵੇਰੇ ਜਾਗ ਖੁੱਲੀ ਤਾਂ ਉਸ ਦਾ ਤੇ ਉਸ ਦੇ ਸਾਥੀ ਦੇ ਮੋਬਾਈਲ ਫੋਨ ਅਤੇ 3000 ਰੁਪਏ ਦੀ ਨਗਦੀ ਗਾਇਬ ਸੀ। ਜਦੋਂ ਅਸੀਂ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਦੇਰ ਰਾਤ ਕਰੀਬ 1:30 ਵਜੇ ਦੋ ਚੋਰ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸੀ। ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਹਨ।

ਦੂਜੇ ਪਾਸੇ ਸੰਬੰਧਤ ਕਿਸਾਨ ਦਲਬੀਰ ਸਿੰਘ ਵਾਸੀ ਡੇਰਾ ਮੱਲਗੁਜ਼ਾਰ ਪਿੰਡ ਗਾਜ਼ੀਪੁਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੱਕੀ ਦੀ ਫਸਲ ਨੂੰ ਸੁਕਾਉਣ ਨੂੰ ਲੈ ਕੇ ਹਵੇਲੀ ਵਿੱਚ ਆਰਜੀ ਫੜ ਬਣਾਇਆ ਹੋਇਆ ਹੈ। ਜਿੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਹਨ। ਬੀਤੀ ਰਾਤ ਦੀ ਘਟਨਾ ਤੋਂ ਬਾਅਦ ਮਜ਼ਦੂਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਚੋਰ ਗਿਰੋਹ ਰੋਜ਼ਾਨਾ ਹੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਗਿਰੋਹ ਇਲਾਕੇ ਦਾ ਹੋਰ ਨੁਕਸਾਨ ਨਾ ਕਰ ਸਕੇ। ਕਿਸਾਨ ਨੇ ਸ਼ੱਕ ਜਾਹਰ ਕਰਦਿਆਂ ਕਿਹਾ ਕਿ ਚੋਰ ਨੇੜਲੇ ਪਿੰਡ ਮੀਰੇ ਦੇ ਨਾਲ ਸੰਬੰਧਤ ਹਨ।
ਉਧਰ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਫਿਲਹਾਲ ਇਸ ਬਾਬਤ ਕੋਈ ਸ਼ਿਕਾਇਤ ਸਾਡੇ ਕੋਲ ਨਹੀਂ ਪਹੁੰਚੀ। ਸ਼ਿਕਾਇਤ ਮਿਲਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਏਗਾ।