ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਮੌਕੇ ਸੰਤ ਸੀਚੇਵਾਲ ਵਾਤਾਵਰਨ ਸੰਭਾਲ ਨੂੰ ਲੈਕੇ ਕਰਨਗੇ ਖਾਸ ਵਿਸ਼ਿਆਂ ਤੇ ਗੱਲਬਾਤ,ਸ਼ਾਮਿਲ ਹੋਣਗੀਆਂ ਅਹਿਮ ਸਖਸ਼ੀਅਤਾਂ
Punjab News; ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਕਾਰ ਸੇਵਾ ਦੇ ਸਿਲਵਰ ਜੁਬਲੀ ਸਮਾਗਮਾਂ ਦੀ ਸ਼ੁਰੂਆਤ 13 ਜੁਲਾਈ ਨੂੰ ਵਾਤਾਵਰਣ ਕਾਨਫਰੰਸ ਨਾਲ ਹੋਵੇਗੀ। ਕਨੇਡਾ ਦੀ ਫੇਰੀ ਤੋਂ ਵਾਪਸ ਪਰਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਵਾਤਾਵਰਣ ਕਾਨਫਰੰਸ ਵਿੱਚ ਪੰਜਾਬ ਦੇ ਪਾਣੀਆਂ ਬਾਰੇ ਗੰਭੀਰਤਾ ਨਾਲ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਕਾਨਫਰੰਸ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਰਵਜੋਤ ਸਿੰਘ, ਐਨਜੀਟੀ ਦੇ ਮੈਂਬਰ ਡਾ: ਅਫਰੋਜ਼ ਅਹਿਮਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਐਸਐਸ ਗੋਸਲ, ਪਿੰਗਲਵਾੜਾ ਦੀ ਮੁਖੀ ਡਾ: ਇੰਦਰਜੀਤ ਕੌਰ, ਸੇਵਾ ਮੁਕਤ ਆਈ.ਏ.ਐਸ ਕਹਾਨ ਸਿੰਘ ਪੰਨੂ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਪਹੁੰਚ ਰਹੇ ਹਨ। ਵਰ੍ਹੇਗੰਢ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸੰਤ ਸੀਚੇਵਾਲ ਆਪ ਸੇਵਾ ਵਿੱਚ ਡਟੇ ਰਹੇ।
ਸੰਤ ਸੀਚੇਵਾਲ ਨੇ ਦੱਸਿਆ ਕਿ ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਦੇ ਸਮਾਗਮ 13 ਜੁਲਾਈ ਤੋਂ ਲੈ ਕੇ 16 ਜੁਲਾਈ ਤੱਕ ਚੱਲਣਗੇ। ਉਹਨਾਂ ਦੱਸਿਆ ਕਿ ਇੰਨ੍ਹਾਂ 25 ਸਾਲਾਂ ਦੇ ਲੰਮੇ ਅਰਸੇ ਦੌਰਾਨ ਜਿੱਥੇ ਬਾਬੇ ਨਾਨਕ ਦੀ ਪਵਿੱਤਰ ਵੇਈਂ ਪਲੀਤ ਹੋਣ ਤੋਂ ਬਾਅਦ ਮੁੜ ਸਾਫ ਹੋਈ ਹੈ,ਉਥੇ ਹੀ ਪੰਜਾਬ ਵਿਚ ਵਾਤਾਵਰਨ ਪ੍ਰਤੀ ਲੋਕ ਚੇਤਨਾ ਵੀ ਪੈਦਾ ਹੋਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ 16 ਜੁਲਾਈ 2000 ਦੀ ਸਾਉਣ ਦੀ ਸੰਗਰਾਂਦ ਤੋਂ ਲੈਕੇ ਅੱਜ ਤੱਕ ਪਵਿੱਤਰ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਵਿਚਾਰ ਮਨ ਵਿੱਚ ਚੱਲਦੇ ਰਹੇ ਹਨ। ਇਹ ਸੰਗਤਾਂ ਵੱਲੋਂ ਆਪਣੇ ਹੱਥੀ ਕੀਤੀ ਕਾਰ ਸੇਵਾ ਦਾ ਹੀ ਨਤੀਜਾ ਹੈ ਕਿ ਅੱਜ ਪਵਿੱਤਰ ਵੇਈਂ ਸਾਫ ਰੂਪ ਵਿੱਚ ਵਗ ਰਹੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਇੰਨ੍ਹਾਂ 25 ਸਾਲਾਂ ਨੇ ਵਾਤਾਵਰਨ ਦੇ ਖੇਤਰ ਵਿਚ ਪੰਜਾਬ ਨੂੰ ਨਵਾਂ ਮੋੜਾ ਦਿੱਤਾ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ 25 ਸਾਲਾਂ ਦੇ ਇਸ ਲੰਮੇ ਸਮੇਂ ਦੌਰਾਨ ਵੱਡੀ ਚਣੌਤੀਆਂ ਵੀ ਸਾਹਮਣੇ ਆਈਆਂ ਪਰ ਸੰਗਤਾਂ ਆਪਣੇ ਮਿੱਥੇ ਨਿਸ਼ਾਨੇ ‘ਤੇ ਅਡੋਲ ਰਹੀਆਂ ਤੇ ਉਨ੍ਹਾਂ ਨੇ ਆਖਰ ਇਹ ਸਾਰਾ ਕੁਝ ਕਰਕੇ ਵਿਖਾ ਦਿੱਤਾ ਹੈ ਜਿਸ ਨੂੰ ਹੁਣ ਕਈ ਲੋਕ ਕ੍ਰਿਸ਼ਮਾ ਕਹਿੰਦੇ ਹਨ ਜਦ ਕਿ ਇਹ ਸਾਰਾ ਕੁਝ ਹੱਥੀ ਕੀਤੀ ਗਈ ਕਿਰਤ ਦਾ ਹੀ ਨਤੀਜਾ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਵੇਈਂ ਦੀ ਕਾਰ ਸੇਵਾ ਨੂੰ ਚੱਲਦਿਆ ਅਜੇ ਚਾਰ ਸਾਲ ਹੀ ਹੋਏ ਸਨ ਜਦੋਂ ਇਸ ਦੀ ਮਹੱਤਤਾ ਨੂੰ ਰਾਸ਼ਟਰਪਤੀ ਭਵਨ ਵਿੱਚ ਬੈਠੇ ਦੇਸ਼ ਦੇ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਜੀ ਨੇ ਪਛਾਣ ਲਿਆ ਸੀ। ਉਹ 2004 ਤੋਂ ਲਗਾਤਾਰ ਆਪਣੇ ਆਖਰੀ ਸਾਹਾਂ ਤੱਕ ਪਵਿੱਤਰ ਵੇਈਂ ਦੇ ਦੂਤ ਬਣ ਕੇ ਵਿਚਰਦੇ ਰਹੇ ਸਨ। ਇਸੇ ਲਈ ਉਹ 2006 ਵਿੱਚ ਸੁਲਤਾਨਪੁਰ ਲੋਧੀ ਆਏ ਸਨ।
ਉਨ੍ਹਾਂ ਦੱਸਿਆ ਕਿ 25 ਸਾਲਾਂ ਵਿਚ ਵੇਈਂ ਦੀ ਕਾਰ ਸੇਵਾ ਨੇ ਹੀ ਪ੍ਰਦੂਸ਼ਿਤ ਹੋ ਚੁੱਕੇ ਬੁੱਢੇ ਦਰਿਆ,ਚਿੱਟੀ ਵੇਈਂ ਅਤੇ ਕਾਲਾ ਸੰਘਿਆ ਡਰੇਨ ਅਤੇ ਤੁੰਗਢਾਬ ਦੀ ਡਰੇਨ ਦੇ ਜ਼ਹਿਰੀਲੇ ਪਾਣੀਆਂ ਪ੍ਰਤੀ ਲੋਕਾਂ ਦਾ ਧਿਆਨ ਖਿਿਚਆ ਸੀ।ਇੰਨ੍ਹਾਂ 25 ਸਾਲਾਂ ਦੌਰਾਨ ਘੱਟੋਂ ਘੱਟ 15 ਲੱਖ ਤੋਂ ਵੱਧ ਬੂਟੇ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤਾਂ,ਯੂਥ ਕਲੱਬਾਂ ਅਤੇ ਹੋਰ ਸਰਕਾਰੀ ਅਦਾਰਿਆਂ ਵੱਲੋਂ ਲਾਏ ਜਾ ਚੁੱਕੇ ਹਨ।
ਗੰਦੇ ਤੇ ਜ਼ਹਿਰੀਲੇ ਪਾਣੀਆਂ ਵਿਰੁੱਧ ਲੋਕ ਚੇਤਨਾ ਪੈਦਾ ਕਰਨ ਵਿੱਚ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ ਵੱਡੀ ਭੂਮਿਕਾ ਰਹੀ ਹੈ।ਕਾਲਾ ਸੰਘਿਆ ਡਰੇਨ,ਚਿੱਟੀ ਵੇਈਂ ,ਬੁੱਢਾ ਦਰਿਆ ਤੇ ਤੁੰਗ ਢਾਬ ਡਰੇਨ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਛੋਟੀਆਂ-ਛੋਟੀਆਂ ਮੀਟਿੰਗਾਂ ਤੋਂ ਲੈਕੇ ਵਾਤਾਵਰਣ ਚੇਤਨਾ ਮਾਰਚ ਬੀਕਾਨੇਰ ਤੱਕ ਦਾ ਅਯੋਜਨ ਕੀਤਾ ਗਿਆ। ਇਸ ਕਾਰ ਸੇਵਾ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਬੁੱਢਾ ਦਰਿਆ ਆਪਣੀ ਪੁਰਾਣੀ ਸ਼ਾਨ ਦੀ ਬਹਾਲੀ ਵੱਲ ਵੱਧ ਰਿਹਾ ਹੈ।