ਪੰਜਾਬ ਦੀ 65000 ਏਕੜ ਜਮੀਨ ਕੌਡੀਆਂ ਦੇ ਭਾਅ ਦੇਣ ਦੀ ਤਿਆਰੀ ‘ਚ ਸਰਕਾਰ – ਸੁਖਬੀਰ ਬਾਦਲ ਦਾ ਗੰਭੀਰ ਦੋਸ਼
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਵਿਚ ਆਪ ਦੇ ਪ੍ਰਚਾਰ ਵਾਸਤੇ ਫੰਡ ਹਾਸਲ ਕਰਨ ਵਾਸਤੇ ਦਿੱਲੀ ਦੇ ਬਿਲਡਰਾਂ ਨੂੰ ਪੰਜਾਬ ਦੀ 30,000 ਕਰੋੜ ਰੁਪਏ ਮੁੱਲ ਦੀ ਬੇਸ਼ਕੀਮਤੀ 65,000 ਏਕੜ ਜ਼ਮੀਨ ਕੌਡੀਆਂ ਦੇ ਭਾਅ ਦੇਣ ਵਾਸਤੇ ਗੁਪਤ ਸਮਝੌਤਾ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪ ਦੇ ਵਿਸਥਾਰ ਦਾ ਮੁੱਲ ਤਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਅਸਿੱਧੇ ਤੌਰ ’ਤੇ ਪੰਜਾਬ ਵਿਚ ਡੇਰੇ ਲਗਾ ਲਏ ਹਨ ਤੇ ਮੁਹਾਲੀ ਵਿਚ ਮਾਰਕਫੈਡ ਦੇ ਦਫਤਰ ਨੂੰ ਆਪਣੀ ਰਿਹਾਇਸ਼ ਬਣਾ ਲਿਆ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਦੇ ਦਿੱਲੀ ਦੇ ਆਗੂ ਮਨੀਸ਼ ਸਿਸੋਦੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਦੇ ਨਾਲ ਲੱਗਵਾਂ ਘਰ ਦੇ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦੀ ਲੁੱਟ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਹ ਦੋਵੇਂ ਤੇ ਦਿੱਲੀ ਦੇ ਹੋਰ ਲੋਕ ਸੂਬੇ ਦੀ ਵਾਗਡੋਰ ਚਲਾ ਰਹੇ ਹਨ ਅਤੇ ਪੰਜਾਬ ਨੂੰ ਲੁੱਟ ਕੇ ਖਾਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਮੁੱਖ ਸਕੱਤਰ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਨੂੰ ਸੂਬੇ ਵਿਚ ਜ਼ਮੀਨ ਐਕਵਾਇਰ ਕਰਨ ਦੀ ਨਿਗਰਾਨੀ ਨਹੀਂ ਕਰਨ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਚਾਰ ਬਾਹਰਲਿਆਂ ਵਾਲੀ ਇਸ ਕਮੇਟੀ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿਆਂਗੇ। ਉਹਨਾਂ ਨੇ ਮੁੱਖ ਸਕੱਤਰ ਨੂੰ ਵੀ ਆਖਿਆ ਕਿ ਉਹ ਇਸ ਗੈਰ ਕਾਨੂੰਨੀ ਐਕਵਾਇਰ ਪ੍ਰਕਿਰਿਆ ਵਿਚ ਧਿਰ ਨਾ ਬਣਨ ਜੋ ਜ਼ਮੀਨ ਐਕਵਾਇਰ ਕਰਨ ਲਈ 2013 ਦੇ ਕੇਂਦਰੀ ਐਕਟ ਨੂੰ ਮੰਨਣ ਦੀ ਥਾਂ ਸੂਬੇ ਦੇ 1995 ਦੇ ਐਕਟ ਤਹਿਤ ਐਕਵਾਇਰ ਕੀਤੀ ਜਾ ਰਹੀ ਹੈ ਜਿਸ ਰਾਹੀਂ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਪਿਛਲੇ 25 ਸਾਲਾਂ ਵਿਚ 11,000 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਜਿਸ ਵਿਚੋਂ 3,000 ਏਕੜ ਹਾਲੇ ਵਿਕਸਤ ਕਰਨੀ ਬਾਕੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ 75 ਸਾਲ ਪਹਿਲਾਂ ਚੰਡੀਗੜ੍ਹ ਵਸਾਉਣ ਵਾਸਤੇ 28,000 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿਸ ਵਿਚੋਂ 8,000 ਏਕੜ ਹਾਲੇ ਖਾਲੀ ਪਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਇਹ ਕਿਵੇਂ ਮੰਨ ਰਹੀ ਹੈ ਕਿ ਉਹ 44,000 ਏਕੜ ਜ਼ਮੀਨ ਵਿਕਸਤ ਕਰ ਲਵੇਗੀ ਜਿਸ ਵਿਚੋਂ 24,000 ਏਕੜ ਇਕੱਲੇ ਲੁਧਿਆਣਾ ਵਿਚ ਐਕਵਾਇਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਲੰਬੇ ਤੰਕ ਵਿਕਸਤ ਹੋਣ ਵਾਲੀ ਨਹੀਂ ਹੈ ਜਿਸ ਕਾਰਨ ਉਹ ਬਰਬਾਦ ਹੋ ਜਾਣਗੇ ਅਤੇ ਜਿਥੇ ਜ਼ਮੀਨ ਐਕਵਾਇਰ ਹੋਣੀ ਹੈ, ਉਹਨਾਂ ਇਲਾਕਿਆਂ ਵਿਚ ਖੇਤੀ ਅਰਥਚਾਰਾ ਵੀ ਤਬਾਹ ਹੋ ਜਾਵੇਗਾ।
ਬਾਦਲ ਨੇ ਕਿਹਾ ਕਿ ਕੁਝ ਪੰਚਾਇਤ ਨੇ ਤਾਂ ਪਹਿਲਾਂ ਹੀ ਜ਼ਮੀਨ ਦੇਣ ਤੋਂ ਇਨਕਾਰ ਕਰਦਿਆਂ ਮਤੇ ਵੀ ਪਾਸ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਜਲਦੀ ਹੀ ਇਹ ਲੋਕ ਲਹਿਰ ਬਣ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਅਜਿਹੀ ਨੀਤੀ ਲਿਆਂਦੀ ਜਾਵੇਗੀ ਜਿਸ ਤਹਿਤ ਸੂਬੇ ਤੋਂ ਬਾਹਰਲਿਆਂ ਨੂੰ ਸੂਬੇ ਵਿਚ ਜ਼ਮੀਨ ਖਰੀਦਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰੀ ਨੌਕਰੀਆਂ ਸਿਰਫ ਪੰਜਾਬੀ ਨੌਜਵਾਨਾਂ ਨੂੰ ਹੀ ਦੇਣ ਦਾ ਕਾਨੂੰਨ ਬਣਾਇਆ ਜਾਵੇਗਾ। ਉਹਨਾਂ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸੂਬੇ ਵਿਚ ਨਵੀਂ ਸਨਅਤ ਲਿਆਵੇਗੀ ਅਤੇ ਇੰਡਸਟਰੀ ਵਿਚ 80 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣ ਦੀ ਸ਼ਰਤ ਰੱਖੀ ਜਾਵੇਗੀ।