ਮੁਕਤਸਰ ‘ਚ ਮਿਸ਼ਨ ‘ਜੀਵਨ ਜੋਤ’ ਤਹਿਤ ਸੁਰੱਖਿਆ ਵਿਭਾਗ ਨੇ ਕੀਤੀ ਚੈਕਿੰਗ, ਹਲਾਤਾਂ ‘ਚ ਪਿਆ ਵੱਡਾ ਫ਼ਰਕ
Mission Jeevan Jyot; ਮਿਸ਼ਨ ਜੀਵਨ ਜੋਤ ਤਹਿਤ ਮੁਕਤਸਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਭੀੜਭਾੜ ਵਾਲੇ ਬਾਜ਼ਾਰਾਂ ਵਿੱਚ ਬਾਲ ਸੁਰੱਖਿਆ ਵਿਭਾਗ ਵੱਲੋਂ ਚਲਾਈ ਗਈ ਚੈਕਿੰਗ ਮੁਹਿੰਮ ਵਿੱਚ ਭੀਖ ਮੰਗਦੇ ਬੱਚਿਆਂ ਦੀ ਖ਼ੋਜ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਗਿਆ।
ਇਹ ਚੈਕਿੰਗ ਵਿਭਾਗ ਦੀ ਜਿਲ੍ਹਾ ਅਧਿਕਾਰੀ ਸਿਵਾਨੀ ਨਾਗਪਾਲ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ। ਚੈਕਿੰਗ ਦੌਰਾਨ ਵਿਭਾਗ ਨੂੰ ਕੋਈ ਵੀ ਬੱਚਾ ਭੀਖ ਮੰਗਦਾ ਨਹੀਂ ਮਿਲਿਆ, ਜਿਸਨੂੰ ਲੈ ਕੇ ਉਨ੍ਹਾਂ ਨੇ ਇਸ ਮੁਹਿੰਮ ਦੀ ਸਫਲਤਾ ਨੂੰ ਸਿਰਾਹਿਆ।
ਸਿਵਾਨੀ ਨਾਗਪਾਲ ਨੇ ਦੱਸਿਆ ਕਿ ਬੱਚਿਆਂ ਦੀ ਭੀਖ ਮੰਗਣ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਸੀ, ਪਰ ਜਦੋਂ ਤੋਂ ਇਹ ਸਰਕਾਰੀ ਮੁਹਿੰਮ ਸ਼ੁਰੂ ਹੋਈ, ਲੋਕਾਂ ਦੇ ਸਹਿਯੋਗ ਨਾਲ ਹੁਣ ਕੋਈ ਵੀ ਬੱਚਾ ਭੀਖ ਮੰਗਦਾ ਦਿਖਾਈ ਨਹੀਂ ਦੇ ਰਿਹਾ।
ਉਹਨਾਂ ਕਿਹਾ ਕਿ ਵਿਭਾਗ ਨੇ ਹੁਣ ਤੱਕ ਕਰੀਬ 27 ਬੱਚਿਆਂ ਨੂੰ ਰੈਸਕਿਊ ਕੀਤਾ ਹੈ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਸਮਝਾਇਆ ਗਿਆ ਹੈ ਕਿ ਉਹ ਬੱਚਿਆਂ ਨੂੰ ਸਿੱਖਿਆ ਵੱਲ ਲੈ ਕੇ ਜਾਣ।ਉਹਨਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਅਜਿਹੀ ਚੈਕਿੰਗ ਲਗਾਤਾਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਬੱਚੇ ਦਾ ਭਵਿੱਖ ਭੀਖ ‘ਚ ਨਾ ਗੁਜ਼ਰ ਜਾਵੇ।ਇਹ ਮੁਹਿੰਮ ਨਾਂ ਸਿਰਫ਼ ਬੱਚਿਆਂ ਨੂੰ ਸੁਰੱਖਿਆ ਦੇ ਰਹੀ ਹੈ, ਬਲਕਿ ਉਹਨਾਂ ਨੂੰ ਇੱਕ ਨਵਾਂ ਜੀਵਨ ਵੀ ਦੇ ਰਹੀ ਹੈ।