ਕਰਨ ਔਜਲਾ ਤੇ ਹਨੀ ਸਿੰਘ ਦੇ ਗੀਤਾਂ ‘ਤੇ ਪੰਜਾਬ ਮਹਿਲਾ ਕਮਿਸ਼ਨ ਦੀ ਸਖਤ ਕਾਰਵਾਈ !
ਕਰਨ ਔਜਲਾ ਤੇ ਯੋ ਯੋ ਹਨੀ ਸਿੰਘ ਦੇ ਗੀਤਾਂ ਖਿਲਾਫ਼ ਪੰਜਾਬ ਮਹਿਲਾ ਆਯੋਗ ਐਕਸ਼ਨ ‘ਚ – DGP ਨੂੰ ਲਿਖਿਆ ਪੱਤਰ, 11 ਅਗਸਤ ਤੱਕ ਮੰਗੀ ਕਾਰਵਾਈ ਦੀ ਰਿਪੋਰਟ
ਚੰਡੀਗੜ੍ਹ, 7 ਅਗਸਤ 2025 – ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਨੂੰ ਆਪਣੇ ਗੀਤਾਂ ਕਾਰਨ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਦੋ ਵੱਖ-ਵੱਖ ਪੱਤਰ ਲਿਖੇ ਹਨ ਜਿਸ ਵਿੱਚ ਦੋਵਾਂ ਗਾਇਕਾਂ ਦੇ ਗੀਤਾਂ ਵਿੱਚ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਭੇਜੇ ਗਏ ਪੱਤਰ ਵਿੱਚ, ਪਹਿਲਾ ਜ਼ਿਕਰ ਹਨੀ ਸਿੰਘ ਦੇ ਗੀਤ ‘ਮਿਲੇਨਿਯਲ’ ਦਾ ਕੀਤਾ ਗਿਆ ਹੈ। ਕਮਿਸ਼ਨ ਦੇ ਅਨੁਸਾਰ, ਇਸ ਗੀਤ ਵਿੱਚ ਔਰਤਾਂ ਵਿਰੁੱਧ ਬਹੁਤ ਹੀ ਘਟੀਆ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਔਰਤਾਂ ਦੇ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ।

ਦੂਜੇ ਪੱਤਰ ਵਿੱਚ, ਕਰਨ ਔਜਲਾ ਦੇ ਗੀਤ ‘ਐਮਐਮ ਗਬਰੂ’ ਬਾਰੇ ਵੀ ਇਤਰਾਜ਼ ਉਠਾਏ ਗਏ ਹਨ। ਕਮਿਸ਼ਨ ਨੇ ਕਿਹਾ ਕਿ ਇਸ ਗੀਤ ਵਿੱਚ ਵੀ ਅਣਉਚਿਤ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਸਮਾਜਿਕ ਤੌਰ ‘ਤੇ ਨਿੰਦਣਯੋਗ ਹੈ।
11 ਅਗਸਤ ਤੱਕ ਪੁਲਿਸ ਤੋਂ ਮੰਗੀ ਵਿਸਥਾਰਤ ਰਿਪੋਰਟ
ਕਮਿਸ਼ਨ ਨੇ ਪੰਜਾਬ ਪੁਲਿਸ ਦੇ ਚੰਡੀਗੜ੍ਹ ਸਥਿਤ ਅਧਿਕਾਰੀ ਰਾਹੀਂ ਦੋਵੇਂ ਗੀਤਾਂ ਦੀ ਜਾਂਚ ਕਰਨ ਅਤੇ ਕਾਨੂੰਨ ਅਨੁਸਾਰ ਕਠੋਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਨਾਲ ਨਾਲ, 11 ਅਗਸਤ ਸਵੇਰੇ 11 ਵਜੇ ਤੱਕ ਕਮਿਸ਼ਨ ਦੇ ਦਫ਼ਤਰ ਵਿੱਚ ਪੂਰੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
ਇਸ ਮਾਮਲੇ ਨੇ ਇਕ ਵਾਰ ਫਿਰ ਪੰਜਾਬੀ ਸੰਗੀਤ ਵਿੱਚ ਵਰਤੇ ਜਾ ਰਹੇ ਸ਼ਬਦਾਵਲੀ ਤੇ ਥੀਮਾਂ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਆਮ ਲੋਕਾਂ ਤੋਂ ਲੈ ਕੇ ਵਿਧਾਇਕ ਤੇ ਕਲਾਕਾਰ ਵੀ ਹੁਣ ਸੰਗੀਤਕ ਰਚਨਾਵਾਂ ‘ਚ ਜ਼ਿੰਮੇਵਾਰੀ ਦੀ ਗੱਲ ਕਰ ਰਹੇ ਹਨ।